ਜੰਡਿਆਲਾ ਗੁਰੂ, 4 ਨਵੰਬਰ (ਹਰਜਿੰਦਰ ਸਿੰਘ ਕਲੇਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਕਰਕੇ ਜੰਡਿਆਲਾ ਗੁਰੂ 'ਚ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਸ਼ੁਰੂ ਕੀਤਾ ਗਿਆ | ਕੀਰਤਨ ਵੱਖ-ਵੱਖ ਗੁਰਦੁਆਰਿਆਂ ਅਤੇ ਚੌਂਕਾਂ ਘਾਹ ਮੰਡੀ ਚੌਂਕ, ਜੋਤੀਸਰ ਕਲੋਨੀ, ਮੱਲੀਆਂ ਵਾਲਾ ਗੁਰਦੁਆਰਾ ਸਾਹਿਬ, ਮਹੱਲਾ ਸ਼ੇਖੂਪੁਰਾ, ਸ਼ਹੀਦ ਊਧਮ ਸਿੰਘ ਚੌਂਕ, ਨੱਥੂਆਵਾਲਾ ਗੇਟ ਆਦਿ ਤੋਂ ਹੁੰਦਾ ਹੋਇਆ ਵਾਪਸੀ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਦੌਰਾਨ ਗਤਕਾ ਪਾਰਟੀਆਂ, ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਗਤਕਾ ਦਾਅ-ਪੇਚ ਦਿਖਾਏ ਗਏ, ਜਦਕਿ ਕੀਰਤਨ ਜਥਿਆਂ ਨੇ ਸੁਰੀਲੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸ਼ਹਿਰ ਵਾਸੀਆਂ ਵੱਲੋਂ ਜਗ੍ਹਾ-ਜਗ੍ਹਾ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਸੁਖਮਨੀ ਸੇਵਾ ਸੋਸਾਇਟੀ ਦੇ ਪ੍ਰਧਾਨ ਰਨਬੀਰ ਸਿੰਘ, ਸਵਿੰਦਰ ਸਿੰਘ ਚੰਦੀ, ਸੰਤ ਸਰੂਪ ਸਿੰਘ, ਅਮੋਲਕ ਸਿੰਘ, ਡਾ. ਰਾਜ ਕਮਾਰ ਰਾਜੂ, ਮਨਿੰਦਰ ਸਿੰਘ ਮਣੀ, ਗੁਰਵਿੰਦਰ ਸਿੰਘ ਸਨੀ, ਡਾ. ਰਮਨਦੀਪ ਸਿੰਘ, ਪਿੰਦਰਪਾਲ ਸਿੰਘ, ਲਖਵਿੰਦਰ ਸਿੰਘ ਲੱਕੀ, ਗੁਰਪ੍ਰੀਤ ਸਿੰਘ ਚੰਦੀ ਆਦਿ ਹਾਜ਼ਰ ਸਨ |