ਮਜੀਠਾ, 4 ਨਵੰਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਹਲਕਾ ਮਜੀਠਾ ਦੇ ਪਿੰਡ ਰੁਮਾਣਾ ਚੱਕ ਵਿਖੇ ਗੁਰਦੁਆਰਾ ਸੰਗਤਸਰ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਉੱਠੇ ਵਿਵਾਦ ਦੇ ਚਲਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਤਿੰਦਰ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਥਾਣਾ ਮਜੀਠਾ ਮੂਹਰੇ ਧਰਨਾ ਲਗਾ ਕੇ ਮਜੀਠਾ ਅੰਮਿ੍ਤਸਰ ਮੁੱਖ ਸੜਕ ਦੀ ਆਵਾਜਾਈ ਰੋਕੀ ਗਈ ਅਤੇ ਧਰਨਾਕਾਰੀਆਂ ਵਲੋਂ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਗਏ ਅਤੇ ਸਰਕਾਰ ਖ਼ਿਲਾਫ਼ ਇਨਸਾਫ ਨਾ ਮਿਲਣ ਕਰਕੇ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ | ਦੱਸਣਯੋਗ ਹੈ ਕਿ ਗੁਰਦੁਆਰਾ ਸੰਗਤਸਰ ਸਾਹਿਬ ਜਿਹੜਾ ਕਿ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਵਰੋਸਾਏ ਬ੍ਰਹਮ ਗਿਆਨੀ ਸੰਤ ਹਰੀ ਸਿੰਘ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਮੁਕੇਰੀਆਂ ਵਾਲਿਆਂ ਦਾ ਤਪ ਅਸਥਾਨ ਹੈ, ਜਿੱਥੇ ਇਸ ਵਕਤ ਬਾਬਾ ਸਤਿੰਦਰ ਸਿੰਘ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਅ ਰਹੇ ਹਨ | ਇਸ ਮੌਕੇ ਬਾਬਾ ਸਤਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਦਿਨ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਕਥਿਤ ਤੌਰ 'ਤੇ ਜ਼ਬਰਦਸਤੀ ਗੁਰਦੁਆਰਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਸੰਗਤ ਵਲੋਂ ਸਖ਼ਤ ਵਿਰੋਧ ਕੀਤਾ ਗਿਆ | ਸਥਿਤੀ 'ਤੇ ਕਾਬੂ ਪਾਉਣ ਲਈ ਥਾਣਾ ਮਜੀਠਾ ਦੇ ਐੱਸ. ਐੱਚ. ਓ. ਕਰਮਪਾਲ ਸਿੰਘ, ਡੀ. ਐੱਸ. ਪੀ. ਇੰਦਰਜੀਤ ਸਿੰਘ, ਨਾਇਬ ਤਹਿਸੀਲਦਾਰ ਬੇਅੰਤ ਸਿੰਘ ਪਹੁੰਚੇ ਸਨ, ਜਿਨ੍ਹਾਂ ਨੇ ਦੋਹਾਂ ਧਿਰਾਂ ਨੂੰ ਵਿਸ਼ਵਾਸ ਦੁਆਇਆ ਸੀ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ | ਪ੍ਰੰਤੂ ਬਾਬਾ ਸਤਿੰਦਰ ਸਿੰਘ ਦੇ ਦੱਸਣ ਅਨੁਸਾਰ ਸਾਡੇ ਵਲੋਂ ਲਿਖਤੀ ਸ਼ਿਕਾਇਤ ਦਿੱਤੀ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਹੋਣ 'ਤੇ ਸੇਵਾਦਾਰਾਂ ਅਤੇ ਹਮਾਇਤਆਂ ਨੂੰ ਧਰਨਾ ਲਗਾਉਣ ਦਾ ਫ਼ੈਸਲਾ ਕਰਨਾ ਪਿਆ | ਉਨ੍ਹਾਂ ਕਿਹਾ ਕਿ ਇਹ ਧਰਨਾ ਸ਼ਾਂਤਮਈ ਢੰਗ ਨਾਲ ਕੀਤਾ ਗਿਆ ਹੈ ਅਤੇ ਸਾਡੀ ਮੰਗ ਹੈ ਕਿ ਗੁਰਦੁਆਰਾ ਦੇ ਮਾਮਲੇ ਦੀ ਪੂਰੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ | ਬਾਬਾ ਸਤਿੰਦਰ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਧਰਨਾ ਜਾਰੀ ਰਹੇਗਾ | ਇਸ ਮੌਕੇ ਸੀਨੀ: ਅਕਾਲੀ ਆਗੂ ਜੋਧ ਸਿੰਘ ਸਮਰਾ, ਸਰਕਲ ਪ੍ਰਧਾਨ ਸਰਬਜੀਤ ਸਿੰਘ ਸੁਪਾਰੀਵਿੰਡ, ਮਜੀਠੀਆ ਦੇ ਸਿਆਸੀ ਸਕੱਤਰ ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਾਬਕਾ ਸਰਪੰਚ ਹਰਦੀਪ ਸਿੰਘ ਰੁਮਾਣਾ, ਤਰੁਨ ਕੁਮਾਰ ਅਬਰੋਲ, ਪਿ੍ੰਸ ਨਈਅਰ, ਅਜੈ ਚੋਪੜਾ, ਜੁਝਾਰ ਸਿੰਘ ਬਟਾਲਾ, ਬਾਬਾ ਮੋਹਨ ਸਿੰਘ ਭੰਗਾਲੀ ਕਲਾਂ, ਜਤਿੰਦਰ ਪਾਲ ਸਿੰਘ ਸਾਬਾ ਹਮਜਾ, ਬਾਬਾ ਬੀਰ ਸਿੰਘ ਭੰਗਾਲੀ ਕਲਾਂ, ਅਜੈਪਾਲ ਸਿੰਘ, ਸਿਮਰਜੀਤ ਸਿੰਘ, ਸੁਖਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਰਵਿੰਦਰ ਸਿੰਘ ਕਲੇਰ ਮਾਂਗਟ, ਅਰਮਿੰਦਰ ਕੌਰ, ਜਸਬੀਰ ਕੌਰ, ਹਰਜੀਤ ਕੌਰ, ਜੀਵਨਜੋਤੀ, ਪਲਵਿੰਦਰ ਕੌਰ, ਲਖਵਿੰਦਰ ਕੌਰ, ਸੁਖਵੰਤ ਕੌਰ, ਸੁਰਜੀਤ ਕੌਰ, ਕੁਲਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਜ਼ਰ ਸਨ |