ਪਾਤੜਾਂ, 15 ਜੂਨ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜ਼ਿਲ੍ਹੇ ਦੀ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਭੂੰਡਥੇਹ ਵਿਖੇ 2 ਭਰਾਵਾਂ ਵਿਚ ਜ਼ਮੀਨੀ ਵਿਵਾਦ ਮਗਰੋਂ ਇਸ ਜ਼ਮੀਨ ਦਾ ਕਬਜਾ ਛਡਾਏ ਜਾਣ ਨੂੰ ਲੈ ਕੇ ਇਕ ਭਰਾ ਦੀ ਅੱਗ ਨਾਲ ਲੱਗਣ ਨਾਲ ਮੌਤ ਹੋ ਗਈ ਸੀ | ਜਿਸ ਦੇ ਸੰਬੰਧ ਵਿਚ ਪੁਲਿਸ ਵਲੋਂ ਮਿ੍ਤਕ ਦੇ ਜਿਉਂਦੇ ਸਮੇਂ ਦਿੱਤੇ ਗਏ ਬਿਆਨਾਂ ਦੇ ਅਧਾਰ 'ਤੇ 7 ਦੇ ਕਰੀਬ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਨ ਦੇ ਬਾਵਜੂਦ ਕਿਸੇ ਵੀ ਦੋਸ਼ੀ ਦੀ ਗਿ੍ਫ਼ਤਾਰੀ ਨਾ ਕਰਨ ਦੇ ਦੋਸ਼ ਲਾਉਂਦਿਆਂ ਮਿ੍ਤਕ ਦੇ ਪਰਿਵਾਰ ਵਲੋਂ ਲਾਸ਼ ਪਾਤੜਾਂ ਦੇ ਮੁੱਖ ਚੌਂਕ ਵਿਚ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ | ਧਰਨੇ 'ਤੇ ਬੈਠੇ ਮਿ੍ਤਕ ਵਿਅਕਤੀ ਦੇ ਪੁੱਤਰ ਜਸਕਰਨ ਸਿੰਘ ਅਤੇ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਤਾਏ ਕੁਲਵਿੰਦਰ ਸਿੰਘ ਨੇ ਉਨ੍ਹਾਂ ਦੇ ਪਿਤਾ ਦੇ ਕਾਗ਼ਜ਼ਾਂ 'ਤੇ ਪਹਿਲਾਂ ਫ਼ੌਜ ਵਿਚ ਨੌਕਰੀ ਕੀਤੀ ਅਤੇ ਸੇਵਾਮੁਕਤ ਹੋਣ ਮਗਰੋਂ ਪਿੰਡ ਆ ਕੇ ਉਨ੍ਹਾਂ ਦੇ ਪਿਤਾ ਦੇ ਜਾਅਲੀ ਆਧਾਰ ਕਾਰਡ ਅਤੇ ਪੈਨ ਕਾਰਡ ਤਿਆਰ ਕਰਕੇ ਉਨ੍ਹਾਂ ਦੀ ਜ਼ਮੀਨ ਦੀ ਵਸੀਅਤ ਆਪਣੇ ਪੁੱਤਰ ਦੇ ਨਾਮ ਕਰ ਦਿੱਤੀ | ਪਤਾ ਲੱਗਣ 'ਤੇ ਉਨ੍ਹਾਂ ਕਈ ਪੰਚਾਇਤਾਂ ਕੀਤੀਆਂ ਪਰ ਕੁਲਵਿੰਦਰ ਸਿੰਘ ਬੇਜ਼ਿਦ ਰਿਹਾ ਜਿਸ ਮਗਰੋਂ ਉਨ੍ਹਾਂ ਦਾ ਸਾਲ 2018 ਤੋਂ ਜ਼ਮੀਨ ਨੂੰ ਲੈ ਕੇ ਅਦਾਲਤ ਵਿਚ ਕੇਸ ਚੱਲ ਰਿਹਾ ਹੈ | ਜਿਸ ਦੇ ਚੱਲਦਿਆਂ ਵਿਰੋਧੀ ਧਿਰ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਆਈ, ਵਿਰੋਧ ਕਰਨ 'ਤੇ ਉਨ੍ਹਾਂ ਸੁਖਦੇਵ ਸਿੰਘ 'ਤੇ ਤੇਲ ਪਾ ਕੇ ਅੱਗ ਲਾ ਦਿੱਤੀ ਗਈ ਸੀ | ਇਸ ਮਾਮਲੇ ਨੂੰ ਲੈ ਕੇ ਸ਼ੁਤਰਾਣਾ ਪੁਲਿਸ ਵਲੋਂ 7 ਦੇ ਕਰੀਬ ਪਹਿਚਾਣੇ ਗਏ ਵਿਅਕਤੀਆਂ ਦੇ ਖ਼ਿਲਾਫ਼ ਮੇਰੇ ਪਿਤਾ ਦੇ ਮਰਨ ਤੋਂ ਪਹਿਲਾਂ ਦਿੱਤੇ ਗਏ ਬਿਆਨਾਂ ਦੇ ਅਧਾਰ 'ਤੇ ਕੇਸ ਦਰਜ ਕੀਤਾ ਗਿਆ ਹੈ ਪਰ ਹਾਲੇ ਤੱਕ ਕਿਸੇ ਵੀ ਦੋਸ਼ੀ ਦੀ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ | ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕਰ ਲੈਂਦੀ ਓਨੀ ਦੇਰ ਤੱਕ ਦਿਨ ਰਾਤ ਦਾ ਧਰਨਾ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਜੋਗਾ ਸਿੰਘ ਜੈਖਰ, ਭੋਲਾ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਕੌਰ, ਸਰਬਜੀਤ ਕੌਰ ਅਤੇ ਰਾਜਵਿੰਦਰ ਕੌਰ ਆਦਿ ਮੌਜੂਦ ਸਨ ਅਤੇ ਖ਼ਬਰ ਲਿਖੇ ਜਾਣ ਤੱਕ ਮਿ੍ਤਕ ਦੇ ਪਰਿਵਾਰ ਵਲੋਂ ਦਿੱਤਾ ਜਾ ਧਰਨਾ ਜਾਰੀ ਸੀ |