ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ)-ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਵਿਖੇ ਸੰਗਰਾਂਦ ਅਤੇ ਐਤਵਾਰ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਅੰਮਿ੍ਤ ਵੇਲਾ ਤੋਂ ਸੰਗਤ ਦੀ ਆਮਦ ਸ਼ੁਰੂ ਹੋ ਗਈ | ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਉਪਰੰਤ ਸ਼ਰਧਾਲੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਭਰੀ | ਭਾਈ ਬਲਜੀਤ ਸਿੰਘ ਕਥਾਵਾਚਕ ਵਲੋਂ ਇਤਿਹਾਸ ਸੰਬੰਧੀ ਚਾਨਣਾ ਪਾਇਆ ਗਿਆ | ਵੱਖ-ਵੱਖ ਕਵੀਸ਼ਰੀ ਅਤੇ ਢਾਡੀਆਂ ਨੇ ਗੁਰੂ ਜਸ ਸੁਣਿਆ | ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਸਤਪਾਲ ਸਿੰਘ ਨੇ ਸਰਬੱਤ ਦੇ ਭਲੇ ਅਤੇ ਪੰਥ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾ. ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਦੇ ਪੁਰਾਤਨ ਸਮੇਂ ਤੋਂ ਚੱਲ ਰਹੀ ਜ਼ਮੀਨ ਦੇ ਵਿਵਾਦ ਨੂੰ ਖ਼ਤਮ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਜਿਸ ਦੇ ਫਲਸਰੂਪ ਸ਼੍ਰੋਮਣੀ ਕਮੇਟੀ ਵਲੋਂ ਪਰਿਵਾਰ ਦੇ ਬਿਕਰਮ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਬੀਬੀ ਪਰਵਿੰਦਰ ਕੌਰ ਪਿੰਡ ਬਲਬੇੜਾ ਨੂੰ ਨੌਕਰੀ ਦਿੱਤੀ ਗਈ | ਜ਼ਮੀਨ ਦਾਨ ਕਰਨ ਵਾਲੇ ਪਰਿਵਾਰ ਦੀ ਸ਼੍ਰੋਮਣੀ ਕਮੇਟੀ ਵਲੋਂ ਨਵੀਂ ਭਰਤੀ ਹੋਈ ਬੀਬੀ ਪਰਵਿੰਦਰ ਕੌਰ ਨੂੰ ਪ੍ਰੋ. ਬਡੂੰਗਰ ਵਲੋਂ ਸਿਰੋਪਾਓ ਪਾ ਕੇ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਗਿਆਨੀ ਰਣਜੀਤ ਸਿੰਘ, ਗਿਆਨੀ ਹਰਬੰਸ ਸਿੰਘ ਪ੍ਰੀਤ ਨਗਰ, ਗੁਰਮੁਖ ਸਿੰਘ ਪੋਲੜ, ਗੁਰਬਾਜ਼ ਸਿੰਘ ਦੌਲਤਪੁਰ, ਹੈਪੀ ਸਿੰਘ ਕਰਹਾਲੀ ਸਾਹਿਬ ਅਤੇ ਲਵਪ੍ਰੀਤ ਸਿੰਘ ਆਦਿ ਮੌਜੂਦ ਸਨ |