ਪਟਿਆਲਾ, 15 ਜੂਨ (ਗੁਰਪ੍ਰੀਤ ਸਿੰਘ ਚੱਠਾ)-ਸਿਹਤ ਵਿਭਾਗ ਵਿਚ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀ ਭਰਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰਾਂ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਲਾਰਿਆਂ ਤੋਂ ਦੁਖੀ ਹੋ ਕੇ ਉਨ੍ਹਾਂ ਦੀ ਪਟਿਆਲਾ ਕੋਠੀ ਦਾ ਘਿਰਾਓ ਕੀਤਾ ਗਿਆ ਹੈ | ਜ਼ੋਰਦਾਰ ਨਾਅਰਿਆਂ ਲਗਾਉਂਦਿਆਂ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਮੇਲ ਯੂਨੀਅਨ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਪਟਿਆਲਾ ਅਤੇ ਮੀਤ ਪ੍ਰਧਾਨ ਬਲਕਾਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਚੋਣ ਵਾਅਦਿਆਂ ਦੌਰਾਨ ਸਿਹਤ ਵਿਭਾਗ ਵਿਚ ਵਿਸ਼ੇਸ਼ ਤੌਰ 'ਤੇ ਭਰਤੀਆਂ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਕਰੀਬ 3 ਸਾਲ ਵਿਚ ਸਿਹਤ ਵਿਭਾਗ ਅੰਦਰ ਮਲਟੀਪਰਪਜ਼ ਹੈਲਥ ਵਰਕਰ ਮੇਲ ਦੀ ਇਕ ਵੀ ਅਸਾਮੀ ਲਈ ਇਸ਼ਤਿਹਾਰ ਨਹੀਂ ਦਿੱਤਾ ਗਿਆ ਜਦਕਿ ਸੂਬੇ ਅੰਦਰ ਡੇਂਗੂ ਅਤੇ ਚਿਕਨ ਗੁਨੀਆ ਸਮੇਤ ਅਨੇਕਾਂ ਬਿਮਾਰੀਆਂ ਕੀਮਤੀ ਜਾਨਾਂ ਲੈ ਰਹੀਆਂ ਹਨ | ਉਨ੍ਹਾਂ ਕਿਹਾ ਕਿ ਦਰਜਨਾਂ ਮੀਟਿੰਗਾਂ ਵਿਚ ਸਿਹਤ ਮੰਤਰੀ ਵਲੋਂ ਸਿਹਤ ਵਿਭਾਗ ਅੰਦਰ ਵਰਕਰ ਪੁਰਸ਼ ਦੀਆਂ 270 ਦੇ ਕਰੀਬ ਅਸਾਮੀਆਂ ਪੰਜਾਬ ਕੈਬਨਿਟ ਮੀਟਿੰਗ ਵਿਚ ਮਨਜ਼ੂਰ ਹੋਣ ਦਾ ਪਤਾ ਲੱਗਾ ਹੈ ਪ੍ਰੰਤੂ ਅਜੇ ਤੱਕ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਉਹ ਵਾਰ-ਵਾਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਹਤ ਸਕੱਤਰ ਕੁਮਾਰ ਰਾਹੁਲ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਅਜੇ ਤੱਕ ਮਨਜ਼ੂਰ ਹੋਈਆਂ ਆਸਾਮੀਆਂ ਦਾ ਇਸ਼ਤਿਹਾਰ ਨਹੀਂ ਦਿੱਤਾ ਗਿਆ ਜਿਸ ਕਾਰਨ ਸਾਨੂੰ ਮਜਬੂਰੀਵੱਸ ਅੱਜ ਧਰਨਾ ਪ੍ਰਦਰਸ਼ਨ ਕਰਨਾ ਪਿਆ | ਮੌਕੇ 'ਤੇ ਮੌਜੂਦ ਅਧਿਕਾਰੀ ਸਤਿਨਾਮ ਸਿੰਘ ਵਿਰਕ ਵਲੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ | 23 ਜੂਨ ਨੂੰ ਪੈਨਲ ਮੀਟਿੰਗ ਕਰਾਉਣ ਅਤੇ ਮੰਗਾਂ ਨੂੰ ਮੰਤਰੀ ਵਲੋਂ ਮੰਨ ਲਏ ਜਾਣ ਦਾ ਲਿਖਤੀ ਭਰੋਸਾ ਦੇਣ ਉਪਰੰਤ ਧਰਨਾ ਚੁੱਕ ਲਿਆ ਗਿਆ | ਇਸ ਮੌਕੇ ਰਾਜ ਸੰਗਤੀਵਾਲਾ, ਨਾਹਰ ਸਿੰਘ, ਲਖਵਿੰਦਰ ਸਿੰਘ, ਸਾਹਿਬ ਸਿੰਘ, ਰਵਿੰਦਰ ਸਿੰਘ ਅਜਨਾਲਾ, ਨੀਰਜ ਕੁਮਾਰ, ਵਿਕਰਮ ਫ਼ਿਰੋਜ਼ਪੁਰ, ਬਲਕਾਰ ਸਿੰਘ, ਹਰਮਨ ਸਿੰਘ, ਦੀਪ ਸਿੰਘ, ਜਗਤਾਰ ਸਿੰਘ, ਨਾਹਰ ਸਿੰਘ, ਮੇਜਰ ਪਾਤੜਾਂ, ਮਨਦੀਪ ਝੁਨੀਰ, ਹਰਕੀਰਤ ਸਿੰਘ, ਸਤਵੀਰ ਸਿੰਘ, ਭੁਪਿੰਦਰ ਸੁਨਾਮ ਆਦਿ ਹਾਜ਼ਰ ਸਨ |