21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਕੈਂਸਰ ਦੇ ਇਲਾਜ ਵਿਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਤੇ ਦੁਰਪ੍ਰਭਾਵ ਘਟਾਉਣ ਬਾਰੇ ਪੰਜਾਬੀ ਯੂਨੀਵਰਸਿਟੀ ਵਿਖੇ ਕੀਤੀ ਖੋਜ

ਅਜੀਤ ਡੈਸਕ 16-06-2025
ਪਟਿਆਲਾ, 15 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਚ ਹੋਈ ਇਕ ਖੋਜ ਰਾਹੀਂ ਕੈਂਸਰ ਦੇ ਇਲਾਜ ਵਿਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਅਤੇ ਇਸ ਦੇ ਦੁਰਪ੍ਰਭਾਵਾਂ ਨੂੰ ਘਟਾਉਣ ਦੇ ਹੱਲ ਲੱਭੇ ਗਏ ਹਨ | ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਡਰੱਗ ਰਿਸਰਚ ਵਿਭਾਗ ਤੋਂ ਪ੍ਰੋ. ਓਮ ਸਿਲਾਕਾਰੀ ਦੀ ਨਿਗਰਾਨੀ ਹੇਠ ਆਈ.ਸੀ.ਐੱਮ.ਆਰ. ਦੇ ਸੀਨੀਅਰ ਰਿਸਰਚ ਫੈਲੋ ਅਤੇ ਪੀ-ਐੱਚ.ਡੀ. ਖੋਜਾਰਥੀ ਡਾ. ਬੱਡੀਪੈਡੀਗੇ ਰਾਜੂ ਨੇ ਇਕ ਡਰੱਗ-ਮੈਟਾਬੋਲਾਈਜਿੰਘ ਐਨਜਾਈਮਜ ਨਾਲ ਜੁੜੇ ਕੀਮੋ-ਰੋਧ ਨੂੰ ਸਮਝਣ ਅਤੇ ਇਸ ਦੇ ਹੱਲ ਉੱਤੇ ਮਹੱਤਵਪੂਰਨ ਖੋਜ ਕੀਤੀ ਹੈ | ਸੰਸਾਰ ਪੱਧਰ ਉੱਤੇ 130 ਤੋਂ ਵਧੇਰੇ ਵਿਗਿਆਨੀਆਂ ਨੇ ਆਪਣੇ ਖੋਜ ਕਾਰਜਾਂ ਵਿਚ ਇਸ ਖੋਜ ਦਾ ਹਵਾਲਾ ਦਿੱਤਾ ਹੈ | ਡਾ. ਰਾਜੂ ਨੇ ਦੱਸਿਆ ਕਿ ਉਸ ਨੇ ਪੀ. 450 1.ਬੀ.1. (ਸੀ. ਵਾਈ. ਪੀ.1 ਬੀ.1) ਨਾਮਕ ਐਨਜਾਈਮ ਦੀ ਫ਼ਿਤਰਤ ਨੂੰ ਸਮਝਦਿਆਂ ਇਸ ਨਾਲ ਜੁੜੀ ਸਮੱਸਿਆ ਦੇ ਹੱਲ ਲੱਭਣ ਉੱਤੇ ਕੰਮ ਕੀਤਾ | ਉਸ ਨੇ ਦੱਸਿਆ ਕਿ ਇਹ ਐਨਜਾਈਮ ਕੀਮੋ-ਥੈਰੇਪੀ ਦੀ ਪ੍ਰਕਿਰਿਆ ਵਿਚ ਵਰਤੀਆਂ ਜਾਂਦੀਆਂ ਡਰੱਗਜ ਡੌਸੀਟੈਕਸਲ ਅਤੇ ਪੈਸਲੀਟੈਕਸਲ, ਜੋ ਕਿ ਆਮ ਤੌਰ ਉੱਤੇ ਛਾਤੀ, ਫੇਫੜਿਆਂ ਅਤੇ ਬੱਚੇਦਾਨੀ ਦੇ ਕੈਂਸਰ ਵਿਚ ਕੀਮੋ-ਥੈਰੇਪੀ ਲਈ ਵਰਤੀਆਂ ਜਾਂਦੀਆਂ ਹਨ, ਦੇ ਪ੍ਰਭਾਵ ਨੂੰ ਘੱਟ ਕਰ ਦਿੰਦਾ ਹੈ | ਇਸ ਕਾਰਨ ਕੀਮੋਥੈਰੇਪੀ ਜ਼ਿਆਦਾ ਅਸਰਦਾਰ ਸਾਬਤ ਨਹੀਂ ਹੁੰਦੀ | ਇਸ ਸਥਿਤੀ ਦੇ ਹੱਲ ਲਈ ਇਸ ਐਨਜਾਈਮ ਦੇ ਪ੍ਰਭਾਵ ਨੂੰ ਘੱਟ ਕਰਨ ਵਾਸਤੇ ਇਨਹਿਬਟਰਜ ਖੋਜੇ ਜਾਣ ਦੀ ਜ਼ਰੂਰਤ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੀ ਖੋਜ ਰਾਹੀਂ ਮਸ਼ੀਨ ਲਰਨਿੰਗ, ਮੌਲੀਕਿਊਲਰ ਡੌਕਿੰਗ, ਮੌਲੀਕਿਊਲਰ ਡਾਇਨਾਮਿਕਸ ਸਿਮੂਲੇਸਨਜ, 3-ਡੀ-ਕਿਊ.ਐੱਸ.ਏ.ਆਰ. ਮਾਡਲਿੰਗ, ਫ਼ਰੀ ਐਨਰਜੀ ਪਰਟੂਬੇਸਨ ਅਧਿਐਨ ਦੇ ਜਰੀਏ ਹੱਲ ਤੱਕ ਪਹੁੰਚਿਆ ਗਿਆ | ਉਨ੍ਹਾਂ ਆਪਣੇ ਪ੍ਰਯੋਗਾਂ ਰਾਹੀਂ ਲੱਭਿਆ ਕਿ ਕਲੋਰਪਰੋਥਿਕਸੀਨ, ਨੈਡੀਫਲੌਕਸੈਸਿਨ ਅਤੇ ਟਾਈਸੈਗਰੀਲਰ ਨਾਮਕ ਦਵਾਈਆਂ ਇਸ ਐਨਜਾਇਮ ਦੇ ਖ਼ਿਲਾਫ਼ ਅਸਰਦਾਰ ਸਾਬਤ ਹੁੰਦੀਆਂ ਹਨ ਜਿਸ ਦੇ ਸਿੱਟੇ ਵਜੋਂ ਕੀਮੋਥੈਰੇਪੀ ਦੇ ਸਾਕਾਰਾਤਮਕ ਪ੍ਰਭਾਵ ਵਧ ਜਾਂਦੇ ਹਨ | ਪ੍ਰੋ. ਓਮ ਸਿਲਾਕਾਰੀ ਨੇ ਦੱਸਿਆ ਕਿ ਕੀਮੋ ਥੈਰੇਪੀ ਦੇ ਅਸਰ ਨੂੰ ਘਟਾਉਣ ਵਾਲ਼ਾ ਕੀਮੋ-ਰੋਧ ਵਿਸ਼ਵ ਪੱਧਰ ਉੱਤੇ ਇਕ ਵੱਡੀ ਚੁਨੌਤੀ ਬਣਿਆ ਹੋਇਆ ਹੈ, ਜਿਸ ਕਾਰਨ ਕੈਂਸਰ ਸੈੱਲਾਂ ਨੂੰ ਖ਼ਤਮ ਕਰਨ ਲਈ ਪ੍ਰਭਾਵਸ਼ਾਲੀ ਦਵਾਈਆਂ ਦੀ ਉਪਲਬਧਤਾ ਕਾਫ਼ੀ ਨਹੀਂ ਹੁੰਦੀ ਅਤੇ ਸਿੱਟੇ ਵਜੋਂ ਕੈਂਸਰ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਅਜਿਹੇ ਐਨਜਾਈਮ ਅਕਸਰ ਹੀ ਕੈਂਸਰ-ਰੋਧਕ ਦਵਾਈਆਂ ਨੂੰ ਅਕਿਰਿਆਸ਼ੀਲ ਕਰ ਦਿੰਦੇ ਹਨ, ਉਨ੍ਹਾਂ ਦੇ ਪ੍ਰਭਾਵ ਨੂੰ ਘਟਾ ਦਿੰਦੇ ਹਨ ਅਤੇ ਡਰੱਗ ਪ੍ਰਤਿਰੋਧ ਵਾਲ਼ੀ ਸਥਿਤੀ ਵੱਲ ਲੈ ਜਾਂਦੇ ਹਨ ਜਿੱਥੇ ਦਵਾਈ ਆਪਣਾ ਕੰਮ ਨਹੀਂ ਕਰਦੀ | ਇਸ ਸਥਿਤੀ ਦੇ ਹੱਲ ਲਈ ਇਨ੍ਹਾਂ ਡਰੱਗਜ਼ ਨੂੰ ਅਜਿਹੇ ਇਨਹਿਬਟਰਜ ਦੇ ਸੁਮੇਲ ਨਾਲ ਵਰਤਣਾ ਕਾਰਗਰ ਸਾਬਤ ਹੋ ਸਕਦਾ ਹੈ | ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਉਸ ਦੇ ਨਿਗਰਾਨ ਨੂੰ ਇਸ ਮਿਆਰੀ ਖੋਜ ਬਾਰੇ ਵਿਸ਼ੇਸ਼ ਤੌਰ 'ਤੇ ਵਧਾਈ ਦਿੰਦਿਆਂ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੀਆਂ ਵੱਕਾਰੀ ਖੋਜਾਂ ਯੂਨੀਵਰਸਿਟੀ ਵਿਖੇ ਹੋ ਰਹੇ ਖੋਜ ਕਾਰਜਾਂ ਦੀ ਗੁਣਵੱਤਾ ਅਤੇ ਮਾਨਵਤਾ ਭਲਾਈ ਸਬੰਧੀ ਅਦਾਰਿਆਂ ਦੀ ਪ੍ਰਤੀਬੱਧਤਾ ਸੰਬੰਧੀ ਠੋਸ ਸਬੂਤ ਬਣ ਕੇ ਉੱਭਰਦੀਆਂ ਹਨ ਜਿਸ ਨਾਲ ਸਾਡੀ ਯੂਨੀਵਰਸਿਟੀ ਦਾ ਨਾਮ ਸੰਸਾਰ ਪੱਧਰ ਉੱਤੇ ਚਮਕਦਾ ਹੈ |
ਪਿਛਲੀ ਖ਼ਬਰ ਭਾਦਸੋਂ ਵਿਚ 'ਆਪ' ਤੇ ਕਾਂਗਰਸ ਦੀ ਖੜਕੀ, ਆਪ ਦੇ 4 ਅਤੇ ਕਾਂਗਰਸ ਦੇ 12 ਵਰਕਰਾਂ ਵਿਰੁੱਧ ਪਰਚੇ ਦਰਜ ਅਗਲੀ ਖ਼ਬਰ ਸਮਾਣਾ ਦੇ ਪਿੰਡ ਮੁਰਾਦਪੁਰਾ ਤੇ ਗਾਜੇਵਾਸ ਵਿਖੇ ਹੋਇਆ ਕਾਸੋ ਆਪ੍ਰੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।