ਭਾਦਸੋਂ, 15 ਜੂਨ (ਪੱਤਰ ਪ੍ਰੇਰਕ)-ਪਿੰਡ ਖਨੌੜੇ ਦੀਆਂ ਮਨਰੇਗਾ ਬੀਬੀਆਂ ਨੂੰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਹੋਰਨਾਂ ਵਲੋਂ ਜਾਤੀਸੂਚਕ ਸ਼ਬਦ ਬੋਲਣ, ਧਮਕੀਆਂ ਦੇਣ ਅਤੇ ਵੀਡੀਓ ਵਾਇਰਲ ਕਰਨ ਦਾ ਮਾਮਲਾ ਥਾਣਾ ਭਾਦਸੋਂ ਪਹੁੰਚ ਗਿਆ | ਸਿਆਸੀ ਦਬਾਓ ਦਾ ਦੋਸ਼ ਲਗਾਉਂਦਿਆਂ ਪੁਲਿਸ ਕਰਵਾਈ ਨਾ ਹੋਣ 'ਤੇ ਕਾਂਗਰਸੀ ਵਰਕਰਾਂ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਵਿਚ ਸਾਰੀ ਰਾਤ ਥਾਣੇ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ | ਪੁਲਿਸ ਵਲੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤਰਨਵੀਰ ਸਿੰਘ ਖਨੌੜਾ, ਡਾ. ਗਿਆਨ ਸਿੰਘ, ਸਦੀਕ ਖਾਂ ਅਤੇ ਅਰਸ਼ਦ ਅਲੀ ਦੇ ਖ਼ਿਲਾਫ਼ ਇਕ ਮੁਕੱਦਮਾ ਦਰਜ ਕਰਕੇ ਸਦੀਕ ਖਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਆਮ ਆਦਮੀ ਪਾਰਟੀ ਦੇ 4 ਵਰਕਰਾਂ 'ਤੇ ਮੁਕੱਦਮਾ ਦਰਜ ਹੋਣ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੇ ਮਾਰਕੀਟ ਕਮੇਟੀ ਚੇਅਰਮੈਨ ਗੁਰਦੀਪ ਸਿੰਘ ਦੀਪਾ ਰਾਮਗੜ੍ਹ, ਵਿਧਾਇਕ ਦੇਵ ਮਾਨ ਦੇ ਭਰਾ ਕਪਿਲ ਮਾਨ, ਟਰੱਕ ਯੂਨੀਅਨ ਨਾਭਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਧਾਰੋਂਕੀ, ਤਜਿੰਦਰ ਸਿੰਘ ਖਹਿਰਾ, ਸੁਖਜਿੰਦਰ ਸਿੰਘ ਟੌਹੜਾ ਪ੍ਰਧਾਨ ਟਰੱਕ ਯੂਨੀਅਨ ਭਾਦਸੋਂ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸ਼ੈਂਕੀ ਸਿੰਗਲਾ ਨੇ ਵੱਡੀ ਗਿਣਤੀ ਅਪਣੇ ਵਰਕਰਾਂ ਸਮੇਤ ਥਾਣਾ ਭਾਦਸੋਂ ਵਿਖੇ ਧਰਨਾ ਲਗਾ ਦਿੱਤਾ ਅਤੇ ਵਰਕਰਾਂ 'ਤੇ ਕੀਤਾ ਮੁਕੱਦਮਾ ਰੱਦ ਕਰਕੇ ਇਨਸਾਫ਼ ਦੀ ਮੰਗ ਕੀਤੀ ਗਈ | ਥਾਣਾ ਭਾਦਸੋਂ ਨੇ 'ਆਪ' ਵਰਕਰਾਂ ਵਿਰੁੱਧ ਦਰਜ ਮੁਕੱਦਮਾ ਤਾਂ ਰੱਦ ਨਹੀਂ ਕੀਤਾ ਅਤੇ ਪਿੰਡ ਖਨੌੜਾ ਦੇ 12 ਕਾਂਗਰਸੀ ਵਰਕਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗੋਪਾਲ ਸਿੰਘ ਖਨੌੜਾ ਨੂੰ ਗਿ੍ਫ਼ਤਾਰ ਕਰਕੇ ਸਵੇਰ ਹੁੰਦੇ ਹੀ ਨਾਭਾ ਜੇਲ੍ਹ ਭੇਜ ਦਿੱਤਾ, ਜਿਸ ਦੇ ਰੋਸ ਵਜੋਂ ਅੱਜ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਨੇ ਭਾਦਸੋਂ ਬੱਸ ਸਟੈਂਡ 'ਤੇ ਧਰਨਾ ਲਾ ਕੇ ਟ੍ਰੈਫਿਕ ਜਾਮ ਕਰ ਦਿੱਤਾ | ਇਸ ਧਰਨੇ ਨੂੰ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਦੇਵ ਮਾਨ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ |