21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਕੁਝ ਆਗੂਆਂ ਦੇ ਸਹਾਰੇ ਅਕਾਲੀ ਦਲ ਦੀ ਬੇੜੀ ਨਹੀਂ ਪਾਰ ਹੋਣ ਵਾਲੀ-ਜਸਟਿਸ ਨਿਰਮਲ ਸਿੰਘ

ਅਜੀਤ ਡੈਸਕ 16-06-2025
ਬਸੀ ਪਠਾਣਾਂ, 15 ਜੂਨ (ਮੌਦਗਿਲ)-ਸਾਬਕਾ ਵਿਧਾਇਕ ਤੇ ਸੀਨੀਅਰ ਅਕਾਲੀ ਆਗੂ ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਇਸ ਦੀ ਸ਼ਾਨਾਮੱਤਾ ਅਤੇ ਮਾਣਮੱਤੀ ਇਤਿਹਾਸਕ ਮਹੱਤਤਾ ਹੈ, ਅਕਾਲੀ ਅਖਵਾਉਣ ਲਈ ਪੰਥਕ, ਤਿਆਗੀ ਅਤੇ ਕੁਰਬਾਨੀ ਦਾ ਜਜ਼ਬਾ ਹੋਣਾ ਅਤਿ ਜ਼ਰੂਰੀ ਸੀ | ਇਸੇ ਕਰਕੇ ਜੇਕਰ ਗੁਰੂ ਘਰ ਦੀ ਪਵਿੱਤਰਤਾ ਲਈ ਕੁਰਬਾਨੀ ਦੀ ਲੋੜ ਪਈ ਤਾਂ ਅਕਾਲੀ ਭਾਈ ਲਛਮਣ ਸਿੰਘ ਧਾਰੋਵਾਲ ਅੱਗੇ ਆਏ, ਜੈਤੋਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਨੂੰ ਖੰਡਿਤ ਕੀਤਾ ਗਿਆ ਤਾਂ ਅਕਾਲੀ ਵਰਕਰਾਂ ਨੇ ਲਗਾਤਾਰ ਜਥੇਦਾਰ ਜਗਤ ਸਿੰਘ ਤੁੜ, ਜਥੇਦਾਰ ਛਾਂਗਾ ਸਿੰਘ ਤਲਵੰਡੀ ਵਰਗਿਆਂ ਦੀ ਅਗਵਾਈ ਹੇਠ ਅੰਗਰੇਜ਼ ਨੂੰ ਮੂੰਹ ਦੀ ਖਾਣ ਲਈ ਮਜਬੂਰ ਕੀਤਾ | ਇਹ ਤਾਂ ਹੀ ਸਫ਼ਲ ਹੋਇਆ ਕਿਉਂਕਿ ਉਸ ਸਮੇਂ ਵਰਕਰ ਅਤੇ ਜਥੇਦਾਰ ਬੇਦਾਗ਼, ਤਿਆਗੀ ਅਤੇ ਕੁਰਬਾਨੀ ਨੂੰ ਪਹਿਲ ਦੇਣ ਵਾਲੇ ਸਨ | ਅਜਿਹੇ ਅਕਾਲੀਆਂ ਅੱਗੇ ਅੱਜ ਵੀ ਕੌਮ ਦਾ ਸਿਰ ਸਤਿਕਾਰ ਨਾਲ ਝੁਕਦਾ ਹੈ | ਉਸ ਤੋਂ ਬਾਅਦ ਵਿਚ ਵੀ ਅਕਾਲੀ ਦਲ ਦੇ ਸੇਵਾਦਾਰ ਰਹੇ ਮਾਸਟਰ ਤਾਰਾ ਸਿੰਘ, ਸੰਤ ਫ਼ਤਹਿ ਸਿੰਘ, ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਜਾਂ ਉਨ੍ਹਾਂ ਨਾਲ ਅਕਾਲੀ ਦਲ ਅੰਦਰ ਕੰਮ ਕਰਦੇ ਰਹੇ ਗਿਆਨੀ ਕਰਤਾਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਗੁਰਮੀਤ ਸਿੰਘ ਬਰਾੜ, ਜਸਵਿੰਦਰ ਸਿੰਘ ਬਰਾੜ, ਜਗਦੇਵ ਸਿੰਘ ਖੁੱਡੀਆਂ, ਪ੍ਰੇਮ ਸਿੰਘ ਲਾਲਪੁਰਾ, ਮੇਜਰ ਸਿੰਘ ਉਬੋਕੇ ਅਤੇ ਸੁਰਜਨ ਸਿੰਘ ਠੇਕੇਦਾਰ ਆਦਿ ਕਿਸੇ ਨੇ ਵੀ ਅਕਾਲੀ ਦਲ ਅਤੇ ਪੰਥਕ ਸੋਚ ਨੂੰ ਪਿੱਠ ਨਹੀਂ ਸੀ ਵਿਖਾਈ | ਪ੍ਰੰਤੂ ਅਫ਼ਸੋਸ ਕਿ ਜਦੋਂ ਪਿਛਲੇ 30-35 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਇਕ ਪਰਿਵਾਰ ਅਤੇ ਇਸ ਦੇ ਚਾਪਲੂਸਾਂ ਦੇ ਹੱਥ ਆਈ ਹੈ, ਉਸ ਤੋਂ ਬਾਅਦ ਪੰਥਕ ਸੋਚ ਤੋਂ ਕਿਨਾਰਾ ਕਰ ਲਿਆ ਗਿਆ |
ਅਕਾਲੀ ਦਲ ਸੰਗਤਾਂ ਨੂੰ ਸਤਿਕਾਰ ਦੀ ਭਾਵਨਾ ਨਾਲ ਦੇਖਦਾ ਸੀ, ਪਰ ਹੁਣ ਪੰਥਕ ਸੋਚ ਵਾਲਾ ਵੋਟਰ ਤੁਹਾਡੀਆਂ ਮਤਲਬ ਪ੍ਰਸਤੀਆਂ ਤੋਂ ਅੱਕ ਚੁੱਕਾ ਹੈ, ਹੁਣ ਉਹ ਤੁਹਾਡੇ ਉੱਪਰ ਵਿਸ਼ਵਾਸ ਨਹੀਂ ਕਰੇਗਾ | ਉਨ੍ਹਾਂ ਕਿਹਾ ਕਿ ਭਾਵੇਂ ਕੁਝ ਆਗੂਆਂ ਨੇ ਡੁੱਬੀ ਹੋਈ ਬੇੜੀ ਅੰਦਰ ਦੁਬਾਰਾ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਹੈ, ਪ੍ਰੰਤੂ ਸੁਖਬੀਰ ਜੀ ਅਕਾਲੀ ਦਲ ਦੀ ਬੇੜੀ ਫਿਰ ਵੀ ਪਾਰ ਨਹੀਂ ਹੋਵੇਗੀ | ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਅਕਾਲੀ ਕਹਾਉਣ ਲਈ ਤਾਂ ਅਕਾਲੀ ਹੀ ਬਣਨਾ ਪਵੇਗਾ |
ਪਿਛਲੀ ਖ਼ਬਰ 14 ਹਜ਼ਾਰ ਵੋਟ ਲੈਣ ਵਾਲੇ ਡਾ. ਮਨੋਹਰ ਸਿੰਘ ਦਾ ਕਾਫ਼ਲਾ ਵਧਦਾ ਜਾ ਰਿਹੈ-ਮਨੈਲਾ, ਦੀਪਾ, ਬਾਜਵਾ ਅਗਲੀ ਖ਼ਬਰ ਡੇਰਾ ਬਾਬਾ ਬੁੱਧ ਦਾਸ 'ਚ ਹਾੜ੍ਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।