ਖਮਾਣੋਂ, 15 ਜੂਨ (ਮਨਮੋਹਣ ਸਿੰਘ ਕਲੇਰ)-ਪੰਜਾਬ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਤੇ ਤਕਰੀਬਨ 14 ਹਜ਼ਾਰ ਵੋਟਾਂ ਲੈਣ ਵਾਲੇ ਡਾ. ਮਨੋਹਰ ਸਿੰਘ ਦਾ ਹਲਕਾ ਬਸੀ ਪਠਾਣਾਂ ਵਿਚ ਕਾਫ਼ਲਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਰਵਿੰਦਰ ਸਿੰਘ ਮਨੈਲਾ ਅਤੇ ਸਾਬਕਾ ਸਰਪੰਚ ਕਿਸਾਨ ਆਗੂ ਗੁਰਦੀਪ ਸਿੰਘ ਦੀਪਾ ਤੇ ਹੋਰ ਪਤਵੰਤਿਆਂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਨ੍ਹਾਂ ਆਗੂਆਂ ਅਨੁਸਾਰ ਡਾ. ਮਨੋਹਰ ਸਿੰਘ ਲੋਕਾਂ ਨਾਲ ਰਾਬਤਾ ਕਾਇਮ ਰੱਖ ਰਹੇ ਹਨ ਜਿਸ ਕਰਕੇ ਉਨ੍ਹਾਂ ਦਾ ਸਿਆਸੀ ਹਲਕਿਆਂ ਵਿਚ ਵੀ ਬਹੁਤ ਵੱਡਾ ਨਾਮ ਬਣ ਗਿਆ ਹੈ | ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਓਮ ਪ੍ਰਕਾਸ਼ ਤਾਂਗੜੀ, ਸਾਬਕਾ ਕੌਂਸਲ ਪ੍ਰਧਾਨ ਬਸੀ ਪਠਾਣਾਂ ਰਮੇਸ਼ ਗੁਪਤਾ, ਕੇਸਰ ਸਿੰਘ ਹਵਾਰਾ ਕਲਾਂ ਅਤੇ ਸਾਬਕਾ ਕੌਂਸਲਰ ਜਰਨੈਲ ਸਿੰਘ ਨਾਹਰਾ ਦਾ ਕਹਿਣਾ ਹੈ ਕਿ ਡਾ. ਮਨੋਹਰ ਸਿੰਘ ਜੋ ਹਲਕੇ ਵਿਚ ਚੋਣਾਂ ਲੜਨ ਤੋਂ ਬਾਅਦ ਵੀ ਇਲਾਕੇ ਵਿਚ ਵਿਚਰ ਕੇ ਲੋਕਾਂ ਨਾਲ ਜੁੜੇ ਰਹੇ ਹਨ ਇਸ ਕਰਕੇ ਉਨ੍ਹਾਂ ਦਾ ਸਾਰੇ ਪਿੰਡਾਂ ਵਿਚ ਪਿਆਰ ਵੱਧ ਹੀ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਫ਼ਾਇਦਾ ਮਿਲੇਗਾ | ਬਸੀ ਪਠਾਣਾਂ ਦੇ ਆਜ਼ਾਦ ਕੌਂਸਲਰ ਕਰਮਜੀਤ ਸਿੰਘ, ਭੁਪਿੰਦਰ ਸਿੰਘ ਹੁਸੈਨਪੁਰ, ਗੁਰਪ੍ਰੀਤ ਪਨੈਚਾਂ ਅਤੇ ਕੌਂਸਲ ਦੇ ਮੌਜੂਦਾ ਵਾਈਸ ਪ੍ਰਧਾਨ ਬਲਜੀਤ ਕੌਰ ਢੀਂਡਸਾ ਨੇ ਕਿਹਾ ਕਿ ਡਾ. ਮਨੋਹਰ ਸਿੰਘ ਦਾ ਆਮ ਮਸਲੇ ਉਠਾਉਣ ਕਰਕੇ ਉਨ੍ਹਾਂ ਦਾ ਲੋਕਾਂ ਨਾਲ ਰਾਬਤਾ ਤੇ ਪਿਆਰ ਬਣਿਆ ਹੋਇਆ ਹੈ | ਹਲਕਾ ਕਾਂਗਰਸ ਵਿਚ ਲੰਮੇ ਅਰਸੇ ਤੋਂ ਕੰਮ ਕਰਨ ਵਾਲੇ ਕਮਾਡੈਂਟ ਪ੍ਰੀਤਮ ਸਿੰਘ ਬਾਜਵਾ, ਸਾਬਕਾ ਸਰਪੰਚ ਮਨਜੀਤ ਸਿੰਘ ਨੰਦਪੁਰ, ਜਗਤਾਰ ਸਿੰਘ ਮੈਡਾਂ, ਜੱਗੀ ਫ਼ਤਹਿਪੁਰ, ਜਸਵੀਰ ਸਿੰਘ ਕੱਜਲਮਾਜਰਾ, ਬਾਦਲ ਸਿੰਘ ਕਲੌੜ ਨਾਜਰ ਅਲੀ ਪਾਮੋਰ, ਸਤੀਸ਼ ਕੁਮਾਰ ਪਿੰਕੂ ਰਾਣਾ ਚੁੰਨ੍ਹੀ, ਸਾਬਕਾ ਯੂਥ ਕਾਂਗਰਸ ਆਗੂ ਸਤਨਾਮ ਸਿੰਘ ਪੁਵਾਲਾ, ਸਾਬਕਾ ਸਰਪੰਚ ਰੋਡਾ ਭਟੇੜੀ, ਕੁਲਦੀਪ ਸਿੰਘ ਭਟੇੜੀ, ਰਾਜੂ ਵਧਵਾ, ਤਰੁਣ ਕੋਟਲਾ ਅਜਨੇਰ ਅਤੇ ਸਾਬਕਾ ਸਰਪੰਚ ਜੋਗਾ ਸਿੰਘ ਕੋਟਲਾ ਮਸੂਦ ਅਨੁਸਾਰ ਕਾਂਗਰਸ ਪਾਰਟੀ ਵਲੋਂ ਬਸੀ ਪਠਾਣਾਂ ਹਲਕੇ ਵਿਚ ਵਰਕਰਾਂ ਅਤੇ ਪ੍ਰਮੁੱਖ ਸਿਆਸੀ ਆਗੂਆਂ ਵਲੋਂ ਡਾ. ਮਨੋਹਰ ਸਿੰਘ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ ਅਤੇ ਉਹ ਪਾਰਟੀ ਲਈ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਹਨ |