ਫ਼ਤਹਿਗੜ੍ਹ ਸਾਹਿਬ, 18 ਜੂਨ (ਮਨਪ੍ਰੀਤ ਸਿੰਘ)-ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਖੇਤੀਬਾੜੀ ਵਿਗਿਆਨ ਅਤੇ ਤਕਨਾਲੋਜੀ ਸਕੂਲ ਵਲੋਂ 'ਪੰਜਾਬ ਵਿਚ ਹਾਲੀਆ ਖੇਤੀ ਸੰਕਟ' ਵਿਸ਼ੇ 'ਤੇ ਮਾਹਿਰ ਭਾਸ਼ਣ ਕਰਵਾਇਆ ਗਿਆ, ਜਿਸ ਦੌਰਾਨ ਪ੍ਰਸਿੱਧ ਖੇਤੀਬਾੜੀ ਅਰਥਸ਼ਾਸਤਰੀ ਡਾ. ਐੱਮ.ਐੱਸ. ਤੂਰ ਨੇ ਬੀ.ਐੱਸ.ਸੀ. ਅਤੇ ਐੱਮ.ਐੱਸ.ਸੀ. ਖੇਤੀਬਾੜੀ ਦੇ ਵਿਦਿਆਰਥੀਆਂ ਨੂੰ ਵਿਸਥਾਰ ਵਿਚ ਚਾਨਣਾ ਪਾਇਆ | ਉਨ੍ਹਾਂ ਪੰਜਾਬ ਵਿਚ ਖੇਤੀਬਾੜੀ ਖੇਤਰ ਦੀਆਂ ਪ੍ਰਚਲਿਤ ਸਮੱਸਿਆਵਾਂ 'ਤੇ ਚਰਚਾ ਕੀਤੀ, ਜਿਸ ਵਿਚ ਕਣਕ ਅਤੇ ਝੋਨੇ 'ਤੇ ਬਹੁਤ ਜ਼ਿਆਦਾ ਨਿਰਭਰਤਾ, ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਡਿਗਣਾ, ਮਿੱਟੀ ਦੀ ਕਟੌਤੀ, ਵਧਦੀ ਲਾਗਤ ਅਤੇ ਕਿਸਾਨਾਂ ਦੇ ਵਧਦੇ ਕਰਜ਼ੇ ਆਦਿ ਸ਼ਾਮਿਲ ਹਨ | ਉਨ੍ਹਾਂ ਫ਼ਸਲੀ ਵਿਭਿੰਨਤਾ, ਟਿਕਾਊ ਖੇਤੀਬਾੜੀ ਅਭਿਆਸਾਂ ਅਤੇ ਨੀਤੀ ਸੁਧਾਰਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਭਾਸ਼ਣ ਉਪਰੰਤ ਸਵਾਲ-ਜਵਾਬ ਸੈਸ਼ਨ ਹੋਇਆ, ਜਿਸ ਵਿਚ ਵਿਦਿਆਰਥੀਆਂ ਨੇ ਸੰਭਾਵਿਤ ਹੱਲਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ | ਸਮਾਗਮ ਦੀ ਪ੍ਰਧਾਨਗੀ ਵਿਭਾਗ ਦੇ ਮੁਖੀ ਡਾ. ਪੱਲਵੀ ਘੋਸ਼ ਨੇ ਕੀਤੀ, ਜਿਨ੍ਹਾਂ ਮਹਿਮਾਨ ਦਾ ਸਵਾਗਤ ਕਰਦਿਆਂ ਅਜਿਹੇ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ | ਇਸ ਮੌਕੇ ਡਾ. ਦਮਨਜੀਤ ਕੌਰ ਅਤੇ ਹੋਰ ਫੈਕਲਟੀ ਮੈਂਬਰ ਵੀ ਮੌਜੂਦ ਸਨ | ਇਸ ਉਪਰੰਤ ਵਿਦਿਆਰਥੀਆਂ ਨਾਲ ਸਮੂਹਿਕ ਚਰਚਾ ਕੀਤੀ ਗਈ ਤਾਂ ਜੋ ਨੌਜਵਾਨ ਪੀੜ੍ਹੀ ਨਵੀਨਤਾ ਅਤੇ ਖੋਜ ਰਾਹੀਂ ਖੇਤੀਬਾੜੀ ਖੇਤਰ ਵਿਚ ਸਰਗਰਮ ਭੂਮਿਕਾ ਨਿਭਾ ਸਕੇ |