ਅਮਲੋਹ, 18 ਜੂਨ (ਕੇਵਲ ਸਿੰਘ)-ਅਮਲੋਹ ਵਿਖੇ ਹੋਈ ਭਾਰੀ ਬਰਸਾਤ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਕਈ ਥਾਵਾਂ 'ਤੇ ਪਾਣੀ ਜਮ੍ਹਾ ਹੋ ਜਾਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਦੇ ਮਾਨੀ ਵਿਹੜਾ ਸਕੂਲ ਵਾਲੀ ਸੜਕ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਕਾਫ਼ੀ ਮਾਤਰਾ ਵਿਚ ਪਾਣੀ ਇਕੱਠਾ ਹੋ ਗਿਆ, ਜੋ ਸਾਰਾ ਦਿਨ ਸੜਕ 'ਤੇ ਜਮ੍ਹਾ ਰਿਹਾ | ਸੜਕ 'ਤੇ ਪਾਣੀ ਜਮ੍ਹਾ ਹੋਣ ਕਰਕੇ ਆਉਣ-ਜਾਣ ਵਾਲਿਆਂ ਨੂੰ ਪਾਣੀ ਵਿਚੋਂ ਲੰਘਣਾ ਪਿਆ, ਜਿਸ ਨਾਲ ਬੱਚਿਆਂ, ਵੱਡਿਆਂ ਤੇ ਬਜ਼ੁਰਗਾਂ ਨੂੰ ਖ਼ਾਸ ਤੌਰ 'ਤੇ ਪਰੇਸ਼ਾਨੀ ਆਈ | ਕਈ ਰਾਹਗੀਰ ਤਾਂ ਪਾਣੀ ਦੇ ਦਿ੍ਸ਼ ਨੂੰ ਦੇਖ ਕੇ ਵਾਪਿਸ ਮੁੜ ਗਏ | ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਸਮੱਸਿਆ ਹਰ ਸਾਲ ਬਰਸਾਤ ਦੌਰਾਨ ਆਉਂਦੀ ਹੈ, ਪਰ ਅਜੇ ਤੱਕ ਕੋਈ ਵੀ ਪੱਕਾ ਹੱਲ ਨਹੀਂ ਹੋਇਆ | ਲੋਕਾਂ ਨੇ ਸਰਕਾਰ ਅਤੇ ਨਗਰ ਕੌਂਸਲ ਅਮਲੋਹ ਨੂੰ ਅਪੀਲ ਕੀਤੀ ਕਿ ਇਸ ਇਲਾਕੇ ਦੀ ਸਹੀ ਤਰੀਕੇ ਨਾਲ ਨਿਕਾਸੀ ਪ੍ਰਣਾਲੀ ਬਣਾਈ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੀਆਂ ਤਕਲੀਫ਼ਾਂ ਤੋਂ ਬਚਿਆ ਜਾ ਸਕੇ |