ਫ਼ਤਹਿਗੜ੍ਹ ਸਾਹਿਬ, 18 ਜੂਨ (ਬਲਜਿੰਦਰ ਸਿੰਘ)-ਸੀ. ਆਈ. ਏ. ਸਟਾਫ਼ ਸਰਹਿੰਦ ਦੀ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 2 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜਿਨ੍ਹਾਂ 'ਚੋਂ ਇਕ ਵਿਅਕਤੀ ਪਾਸੋਂ 20 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਅਤੇ ਦੂਜੇ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਮੁਕੱਦਮੇ ਦਰਜ਼ ਕੀਤੇ ਗਏ ਹਨ | ਸੀ.ਆਈ.ਏ ਸਟਾਫ਼ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸੀਨੀਅਰ ਕਪਤਾਨ ਪੁਲਿਸ ਸ਼ੁਭਮ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਸੀ. ਆਈ. ਏ. ਸਟਾਫ਼ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਤੇ ਚੈਕਿੰਗ ਦੌਰਾਨ ਪੁਲ ਸੂਆ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ 'ਚ ਮੌਜੂਦ ਸਨ, ਜਿਸ ਦੌਰਾਨ ਪੁਲਿਸ ਪਾਰਟੀ ਵਲੋਂ ਪੈਦਲ ਤੁਰੇ ਆ ਰਹੇ ਇਕ ਨੌਜਵਾਨ ਨੂੰ ਸ਼ੱਕੀ ਹਾਲਤ ਵਿਚ ਰੋਕਿਆ ਗਿਆ ਅਤੇ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ 10 ਗਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਪਾਰਟੀ ਨੇ ਫ਼ੌਰੀ ਕਾਰਵਾਈ ਕਰਦੇ ਹੋਏ ਉਕਤ ਨੌਜਵਾਨ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ, ਜਿਸ ਦੀ ਪੁੱਛਗਿੱਛ ਦੌਰਾਨ ਪਛਾਣ ਸਾਹਿਲ ਵਾਸੀ ਇਕਬਾਲ ਨਗਰ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ | ਜਿਸ ਦੇ ਖ਼ਿਲਾਫ਼ ਥਾਣਾ ਮੰਡੀ ਗੋਬਿੰਦਗੜ੍ਹ ਵਿਚ ਧਾਰਾ 21 ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ | ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਦੂਜੇ ਮਾਮਲੇ 'ਚ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਅੰਡਰ ਬਿ੍ਜ ਪਿੰਡ ਅੰਬੇਮਾਜਰਾ ਨੇੜੇ ਮੌਜੂਦ ਸਨ ਜਿਸ ਦੌਰਾਨ ਖ਼ਾਸ ਮੁਖ਼ਬਰ ਦੁਆਰਾ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਜਦੋਂ ਪੁਲਿਸ ਪਾਰਟੀ ਨੇ ਮੁਹੱਲਾ ਸਰਦਾਰ ਨਗਰ ਸਥਿਤ ਵਿੱਕੀ ਰਾਮ ਦੇ ਘਰ ਛਾਪੇਮਾਰੀ ਕੀਤੀ ਤਾਂ ਉੱਥੋਂ ਅਜੇ ਵਾਸੀ ਬਾਜ਼ੀਗਰ ਬਸਤੀ ਧੂਰੀ ਜ਼ਿਲ੍ਹਾ ਸੰਗਰੂਰ ਨੂੰ 20 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ, ਜਦੋਂਕਿ ਵਿੱਕੀ ਰਾਮ ਘਰ ਵਿਚ ਨਹੀਂ ਮਿਲਿਆ, ਜਿਸ ਦੀ ਭਾਲ ਜਾਰੀ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਮੰਡੀ ਗੋਬਿੰਦਗੜ੍ਹ ਵਿਚ ਅਜੇ ਅਤੇ ਵਿੱਕੀ ਰਾਮ ਖ਼ਿਲਾਫ਼ ਧਾਰਾ 15 ਐੱਨ.ਡੀ.ਪੀ.ਐੱਸ. ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਦੌਰਾਨ ਅਜੇ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ |