ਪਟਿਆਲਾ, 18 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਲੈਂਡ ਅਤੇ ਬਿਲਡਿੰਗ ਸ਼ਾਖਾ ਵਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਲਹਿਲ ਇਲਾਕੇ ਵਿਚ ਵੱਡੀ ਪੱਧਰ 'ਤੇ ਘਰਾਂ ਦੇ ਬਾਹਰ ਤੱਕ ਬਣਾਏ ਗਏ ਥੜੇ੍ਹ ਤੋੜ ਦਿੱਤੇ ਗਏ | ਆਵਾਜਾਈ ਵਿਚ ਵਿਘਨ ਸਾਬਤ ਹੋ ਰਹੇ ਇਨ੍ਹਾਂ ਥੜਿ੍ਹਆਂ ਨੂੰ ਤੋੜਨ ਲੱਗਿਆਂ ਇਲਾਕਾ ਵਾਸੀਆਂ ਨੇ ਕਈ ਤਰ੍ਹਾਂ ਦੇ ਤਰਕ ਦਿੱਤੇ, ਪਰ ਨਿਗਮ ਕਾਨੂੰਨ ਦੇ ਉਲਟ ਘਰਾਂ ਦੇ ਬਾਹਰ ਤੱਕ ਬਣਾਏ ਗਏ ਇਹ ਤੜੇ ਥੜੇ੍ਹ ਤੋੜਨ ਲੱਗਿਆਂ ਨਿਗਮ ਦੀ ਟੀਮ ਨੇ ਕਿਸੇ ਦੀ ਨਹੀਂ ਸੁਣੀ, ਜਿਸ ਦਾ ਆਮ ਲੋਕਾਂ ਵਲੋਂ ਸਵਾਗਤ ਵੀ ਕੀਤਾ ਗਿਆ | ਕਈ ਲੋਕਾਂ ਦਾ ਕਹਿਣਾ ਸੀ ਕਿ ਕੁਝ ਘਰਾਂ ਦੇ ਥੜੇ੍ਹ ਇਸ ਤਰਾਂ ਬਾਹਰ ਆਏ ਹੋਏ ਸਨ ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈ ਰਿਹਾ ਸੀ | ਪ੍ਰੰਤੂ ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਦਾ ਇਹ ਤਰਕ ਸੀ ਕਿ ਉਨ੍ਹਾਂ ਦੇ ਥੜੇ੍ਹ ਪਿਛਲੇ 50 ਸਾਲ ਤੋਂ ਬਣੇ ਹੋਏ ਹਨ, ਪਰ ਇਸ ਤਰ੍ਹਾਂ ਦੀਆਂ ਤਰਕਹੀਣ ਉਦਾਹਰਣਾਂ ਨਿਗਮ ਅਧਿਕਾਰੀਆਂ ਦੇ ਸਾਹਮਣੇ ਨਹੀਂ ਚੱਲੀਆਂ | ਆਪਣੇ ਘਰਾਂ ਦੇ ਥੜੇ੍ਹ ਟੁੱਟਦੇ ਦੇਖ ਕਈ ਲੋਕਾਂ ਨੇ ਨਾਲ ਲੱਗਦੇ ਹੋਰ ਥੜੇ੍ਹ ਵੀ ਨਿਗਮ ਟੀਮ ਕੋਲੋਂ ਤੁੜਵਾਏ | ਇਸ ਮੌਕੇ ਇਲਾਕੇ ਦੇ ਕੌਂਸਲਰ ਵਲੋਂ ਪਹੁੰਚ ਕੇ ਨਗਰ ਨਿਗਮ ਟੀਮ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਉਸ ਵੇਲੇ ਤੱਕ ਨਗਰ ਨਿਗਮ ਟੀਮ ਆਪਣੀ ਕਾਰਵਾਈ ਕਰ ਚੁੱਕੀ ਸੀ | ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਜਿਸ ਵਿਅਕਤੀ ਵਲੋਂ ਇਹ ਸ਼ਿਕਾਇਤ ਕੀਤੀ ਗਈ ਹੈ ਉਹ ਖੁਦ ਆਪਣੇ ਘਰ ਵਿਚ ਵਪਾਰਕ ਕਾਰੋਬਾਰ ਕਰ ਰਿਹਾ ਹੈ, ਜੋ ਰਿਹਾਇਸ਼ੀ ਇਲਾਕੇ ਵਿਚ ਗੈਰ ਕਾਨੂੰਨੀ ਹੈ | ਜਿਸ ਨੂੰ ਬੰਦ ਕਰਵਾਉਣਾ ਵੀ ਨਿਗਮ ਦੀ ਜ਼ਿੰਮੇਵਾਰੀ ਬਣਦੀ ਹੈ | ਲੈਂਡ ਸਾਖਾ ਮੁਖੀ ਮਨੀਸ਼ ਪੂਰੀ ਮੁਤਾਬਿਕ ਜਿੱਥੇ ਲੋਕਾਂ ਵਲੋਂ ਆਪਣੇ ਘਰਾਂ ਦੇ ਥੜੇ੍ਹ ਸੜਕ ਵਿਚ ਕੱਢ ਲਏ ਜਾਂਦੇ ਹਨ ਉੱਥੇ ਆਵਾਜਾਈ ਦੇ ਨਾਲ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਵਿਚ ਵੀ ਵੱਡਾ ਵਿਘਨ ਪੈਂਦਾ ਹੈ | ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਦੇ ਨਾਲ ਲੱਗਦੀ ਇਕ ਹੋਰ ਕਾਲੋਨੀ ਗਰੀਨ ਲਹਿਲ ਕਾਲੋਨੀ ਦੇ ਅਮਰਿੰਦਰ ਸਿੰਘ ਟਿਵਾਣਾ ਵਲੋਂ ਵੀ ਜਾਣਕਾਰੀ ਦਿੱਤੀ ਗਈ ਕਿ ਇਸ ਕਾਲੋਨੀ ਵਿਚ ਵੀ ਲੋਕਾਂ ਵਲੋਂ ਘਰਾਂ ਦੇ ਬਾਹਰ ਥੜੇ੍ਹ ਬਣਾ ਕੇ ਮਿਊਾਸੀਪਲ ਐਕਟ 1976 ਦੀ 246, 246 ਏ ਦਾ ਉਲੰਘਣ ਕੀਤਾ ਗਿਆ ਹੈ, ਜਿਸ 'ਤੇ ਕਾਰਵਾਈ ਕਰਨ ਲਈ ਉਹ ਕਈ ਵਾਰ ਕਮਿਸ਼ਨਰ ਨਗਰ ਨਿਗਮ, ਡਿਪਟੀ ਕਮਿਸਨਰ ਨੂੰ ਵੀ ਸ਼ਿਕਾਇਤ ਲਿਖ ਚੁੱਕੇ ਹਨ ਅਤੇ ਸ਼ਿਕਾਇਤ ਦੇ ਨਾਲ ਨਾਲ ਲੀਗਲ ਨੋਟਿਸ ਤੱਕ ਦੇ ਚੁੱਕੇ ਹਨ | ਪਰੰਤੂ ਉਥੇ ਹਾਲੇ ਤੱਕ ਕਾਰਵਾਈ ਨਹੀਂ ਕੀਤੀ ਜਾ ਰਹੀ | ਅੱਜ ਦੀ ਕੀਤੀ ਗਈ ਕਾਰਵਾਈ ਦੌਰਾਨ ਲੈਂਡ ਸ਼ਾਖਾ ਦੇ ਇੰਸਪੈਕਟਰ ਸ੍ਰੀ ਵਰਮਾ, ਬਿਲਡਿੰਗ ਸ਼ਾਖਾ ਤੋਂ ਇੰਸਪੈਕਟਰ ਅੰਜਨਾ ਵੀ ਸ਼ਾਮਿਲ ਸਨ |