ਪਟਿਆਲਾ, 19 ਜੂਨ (ਮਨਦੀਪ ਸਿੰਘ ਖਰੌੜ)-ਕੱਲ੍ਹ ਦੇਰ ਰਾਤ ਇੱਥੋਂ ਦੇ ਪਿੰਡ ਕਰਹਾਲੀ ਸਾਹਿਬ ਲਾਗੇ ਜੇ.ਸੀ.ਬੀ. ਮਸ਼ੀਨ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ | ਮਿ੍ਤਕਾਂ ਦੀ ਪਹਿਚਾਣ ਤੇਜਿੰਦਰ ਸਿੰਘ ਅਤੇ ਅੰਮਿ੍ਤਪਾਲ ਸਿੰਘ ਵਾਸੀਅਨ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ | ਇਸ ਸੰਬੰਧੀ ਸੰਤ ਸਿੰਘ ਨੇ ਥਾਣਾ ਪਸਿਆਣਾ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਤੀਜਾ ਤੇਜਿੰਦਰ ਸਿੰਘ, ਉਸ ਦੇ ਦੋਸਤ ਅੰਮਿ੍ਤਪਾਲ ਸਿੰਘ ਨਾਲ ਕਰਹਾਲੀ ਸਾਹਿਬ ਲਾਗੇ ਮੋਟਰਸਾਈਕਲ 'ਤੇ ਜਾ ਰਿਹਾ ਸੀ | ਜਦੋਂ ਉਹ ਗੁਰੂਘਰ ਲਾਗੇ ਪਹੁੰਚੇ ਤਾਂ ਇਕ ਜੇ.ਸੀ.ਬੀ. ਮਸ਼ੀਨ ਚਾਲਕ ਨੇ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ | ਇਸ ਹਾਦਸੇ 'ਚ ਦੋਨਾਂ ਨੌਜਵਾਨਾਂ ਦੀ ਮੌਤ ਹੋ ਗਈ | ਸੰਤ ਸਿੰਘ ਨੇ 'ਅਜੀਤ' ਨੂੰ ਦਸਿਆ ਕਿ ਤੇਜਿੰਦਰ ਸਿੰਘ ਅਤੇ ਅੰਮਿ੍ਤਪਾਲ ਪਟਿਆਲਾ ਤੋਂ ਪਿੰਡ ਕਰਹਾਲੀ ਸਾਹਿਬ ਆ ਰਹੇ ਸਨ ਤੇ ਸਾਹਮਣੇ ਤੋਂ ਜੇ.ਸੀ.ਬੀ. ਚਾਲਕ ਬੜੀ ਤੇਜ਼ੀ ਨਾਲ ਆ ਰਿਹਾ ਸੀ ਜਦੋਂ ਉਸ ਨੇ ਮੋਟਰਸਾਈਕਲ ਦੇਖਿਆ ਤਾਂ ਉਸ ਨੇ ਬਰੇਕ ਲਗਾ ਦਿੱਤੇ | ਇਸ ਕਰ ਕੇ ਜੇ.ਸੀ.ਬੀ. ਘੁੰਮ ਕੇ ਨੌਜਵਾਨਾਂ 'ਚ ਲੱਗੀ, ਜਿਹੜਾ ਨੌਜਵਾਨ ਮੋਟਰਸਾਈਕਲ ਚਲਾ ਰਿਹਾ ਸੀ ਉਸ ਦੇ ਪੇਟ 'ਚ ਜੇ.ਸੀ.ਬੀ. ਦਾ ਕਰਾਹਾ ਲੱਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਪਿੱਛੇ ਬੈਠਿਆ ਨੌਜਵਾਨ ਝਟਕੇ ਨਾਲ ਜੇ.ਸੀ.ਬੀ. ਨਾਲ ਵੱਜਿਆ ਤੇ ਵੱਜ ਕੇ ਫੇਰ ਸੜਕ 'ਤੇ ਡਿਗ ਪਿਆ | ਜਿਸ ਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਰਾਜਿੰਦਰਾ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਥਾਣਾ ਪਸਿਆਣਾ ਦੀ ਪੁਲਿਸ ਨੇ ਜੇ.ਸੀ.ਬੀ. ਚਾਲਕ ਓਮਾ ਸ਼ੰਕਰ ਵਾਸੀ ਬਿਹਾਰ ਅਤੇ ਮਾਲਕ ਮਨਪ੍ਰੀਤ ਸਿੰਘ ਵਾਸੀ ਬਠਿੰਡਾ ਅਤੇ ਠੇਕੇਦਾਰ ਸੌਰਵ ਦੁੱਗਲ ਵਾਸੀ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |