ਪਾਤੜਾਂ, 19 ਜੂਨ (ਜਗਦੀਸ਼ ਸਿੰਘ ਕੰਬੋਜ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਆਪ ਦੀ ਸਰਕਾਰ, ਆਪ ਦੇ ਦੁਆਰ' ਮੁਹਿੰਮ ਤਹਿਤ ਪਾਤੜਾਂ ਦੇ ਨਜ਼ਦੀਕੀ ਪਿੰਡ ਦੁਗਾਲ ਕਲਾਂ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਵਿਸ਼ਾਲ ਜਨ ਸੁਵਿਧਾ ਕੈਂਪ ਲਗਾਇਆ ਗਿਆ | ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਦੀ ਰਹਿਨੁਮਾਈ ਹੇਠ ਲੱਗੇ ਕੈਂਪ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ | ਐਸ.ਡੀ.ਐਮ. ਅਸ਼ੋਕ ਕੁਮਾਰ ਨੇ ਕਿਹਾ ਕਿ ਇਹ ਮੁਹਿੰਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰਾਂ ਤੋਂ ਬਚਾਉਣ ਲਈ ਹੈ | ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਸ਼ਿਕਾਇਤ ਨੂੰ ਲੰਬਿਤ ਨਾ ਰੱਖਿਆ ਜਾਵੇ ਤੇ ਤੁਰੰਤ ਨਿਪਟਾਰਾ ਕੀਤਾ ਜਾਵੇ | ਬੀ.ਡੀ.ਪੀ.ਓ. ਬਘੇਲ ਸਿੰਘ ਨੇ ਦੱਸਿਆ ਕਿ ਕੈਂਪ 'ਚ ਆ ਰਹੀਆਂ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਮੌਕੇ 'ਤੇ ਹੀ ਕੀਤਾ ਜਾ ਰਿਹਾ ਹੈ ਤੇ ਕਰੀਬ 10 ਪਿੰਡਾਂ ਦੇ ਲੋਕ ਆਪਣੇ ਕੰਮ ਨਿਪਟਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਵੱਡਾ ਫ਼ਾਇਦਾ ਹੋ ਰਿਹਾ ਹੈ | ਕੈਂਪ 'ਚ ਖਾਦ ਤੇ ਨਾਗਰਿਕ ਸਪਲਾਈ ਵਿਭਾਗ, ਸੀ.ਡੀ.ਪੀ.ਓ. ਦਫ਼ਤਰ, ਬੀ.ਡੀ.ਪੀ.ਓ. ਦਫ਼ਤਰ, ਤਹਿਸੀਲ ਦਫ਼ਤਰ, ਖੇਤੀਬਾੜੀ, ਪੀ.ਆਰ.ਟੀ.ਸੀ., ਮੰਡੀ ਬੋਰਡ, ਪਾਵਰਕਾਮ, ਰੈਵੀਨਿਊ, ਸਫ਼ਾਈ, ਪਾਣੀ, ਸਿੱਖਿਆ, ਪੁਲਿਸ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆਪਣੇ-ਆਪਣੇ ਸਟਾਲ ਲਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਬਹੁਤੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ | ਇਸ ਕੈਂਪ ਵਿਚ ਦੁਗਾਲ ਕਲਾਂ ਤੋਂ ਇਲਾਵਾ ਦੁਗਾਲ ਖ਼ੁਰਦ, ਪਾਤੜਾਂ ਦਿਹਾਤੀ, ਕਾਹਨਗੜ੍ਹ ਘਰਾਚੋ, ਜਿਉਣਪੁਰਾ, ਰਾਮਪੁਰ ਦੁਗਾਲ, ਨਿਆਲ, ਬੁਰੜ, ਬੁਰੜ ਖ਼ੁਰਦ, ਡੇਰਾ ਸੰਗਤਪੁਰਾ ਬੁਰੜ ਆਦਿ ਪਿੰਡਾਂ ਤੋਂ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ ਹੈ |