ਪਟਿਆਲਾ, 20 ਜੂਨ (ਮਨਦੀਪ ਸਿੰਘ ਖਰੌੜ)-ਸਥਾਨਕ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ 'ਚ ਚੜ੍ਹ ਰਹੀ ਇਕ ਲੜਕੀ ਦੀ ਰੇਲ ਦੀ ਲਾਈਨ ਅਤੇ ਫੁੱਟਪਾਥ ਵਿਚਕਾਰ ਡਿੱਗਣ ਕਾਰਨ ਉਸ ਦੀ ਲੱਤ ਕੱਟੇ ਜਾਣ ਦੀ ਦੁਖਦਾਈ ਘਟਨਾ ਵਾਪਰੀ ਹੈ | ਇਸ ਸੰਬੰਧੀ ਰੇਲਵੇ ਥਾਣੇ ਦੇ ਮੁਖੀ ਜਸਵਿੰਦਰ ਸਿੰਘ ਨੇ ਦਸਿਆ ਕਿ ਅੰਬਾਲਾ ਵਲੋਂ ਇਕ ਰੇਲ ਗੱਡੀ ਆਈ ਸੀ ਇਸ ਦੌਰਾਨ ਏ.ਸੀ. ਡੱਬੇ 'ਚ ਬੈਠੀ ਇਕ ਲੜਕੀ ਪਟਿਆਲਾ ਰੇਲਵੇ ਸਟੇਸ਼ਨ 'ਤੇ ਉੱਤਰ ਕੇ ਕੋਈ ਸਾਮਾਨ ਲੈਣ ਗਈ | ਜਦੋਂ ਉਹ ਸਾਮਾਨ ਲੈ ਕੇ ਚਲਦੀ ਗੱਡੀ 'ਚ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸ ਦਾ ਪੈਰ ਫੁੱਟਪਾਥ ਤੋਂ ਤਿਲਕ ਗਿਆ ਅਤੇ ਉਹ ਰੇਲ ਲਾਈਨ 'ਤੇ ਡਿਗ ਗਈ ਅਤੇ ਇਸ ਹਾਦਸੇ 'ਚ ਉਸ ਦੀ ਲੱਤ ਕੱਟੀ ਗਈ | ਜਿਸ ਨੂੰ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵਲੋਂ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ | ਉਨ੍ਹਾਂ ਦਸਿਆ ਕਿ ਹਾਦਸਾਗ੍ਰਸਤ ਲੜਕੀ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਨਾਂਅ ਅੰਜਲੀ ਹੈ |