ਪਟਿਆਲਾ, 20 ਜੂਨ (ਅ.ਸ. ਆਹਲੂਵਾਲੀਆ)-ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਵਿਚ ਸ਼ਹਿਰ ਦੀ ਨੁਹਾਰ ਅਤੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਕਰਨ ਲਈ ਨਗਰ ਨਿਗਮ ਵਲੋਂ ਲਗਾਤਾਰ ਕੋਸ਼ਿਸ਼ ਜਾਰੀ ਹੈ | ਇਸੇ ਅਗਵਾਈ ਤਹਿਤ ਸ਼ਹਿਰ ਦੇ ਪੋਸ਼ ਇਲਾਕੇ ਲੀਲਾ ਭਵਨ ਅਤੇ 22 ਨੰਬਰ ਵਿਚਲੀ ਮਾਰਕੀਟ ਵਿਚ ਵੀ ਨਿਗਮ ਨੇ ਸਖ਼ਤੀ ਨਾਲ ਦੁਕਾਨਦਾਰਾਂ ਨੂੰ ਸਮਾਨ ਆਪਣੀ ਹੱਦ ਵਿਚ ਰੱਖਣ ਦੇ ਆਦੇਸ਼ ਦਿੱਤੇ ਹਨ | ਦੁਕਾਨਦਾਰਾਂ ਨੂੰ ਹਦਾਇਤ ਕਰਨ ਮਗਰੋਂ ਨਿਗਮ ਇੰਸਪੈਕਟਰ ਵਿਸ਼ਾਲ ਵਰਮਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਲੰਮੇ ਸਮੇਂ ਤੋਂ ਇਨ੍ਹਾਂ ਦੁਕਾਨਦਾਰਾ ਨੇ ਲੋਕਾਂ ਦੀ ਸਹੂਲਤ ਅਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਆਪਣਾ ਸਮਾਨ ਬਾਹਰ ਤੱਕ ਖਿਲਾਰਿਆ ਹੋਇਆ ਸੀ | ਉਨ੍ਹਾਂ ਕਿਹਾ ਕਿ ਇਸ ਮੌਕੇ ਸੰਦੀਪ ਆਟੋ ਏਜੰਸੀ ਵਲੋਂ ਰੱਖੇ ਲੋਹੇ ਦੇ ਵੱਡੇ ਫਰੇਮਾਂ ਨੂੰ ਵੀ ਅੰਦਰ ਕਰਵਾਇਆ ਗਿਆ | ਜਿਸ ਨਾਲ ਰਾਹਗੀਰਾਂ ਨੂੰ ਕਾਫੀ ਦਿੱਕਤ ਆ ਰਹੀ ਸੀ | ਨਿਗਮ ਵਲੋਂ ਸਖ਼ਤੀ ਨਾਲ ਕਾਰਵਾਈ ਕਰਦਿਆਂ ਸ਼ਹਿਰ ਦੇ ਇਸ ਪੋਸ਼ ਇਲਾਕੇ ਵਿਚ ਦੁਕਾਨਦਾਰਾਂ ਨੂੰ ਆਪਣਾ ਸਮਾਨ ਹੱਦ ਵਿਚ ਰੱਖਣ ਲਈ ਆਖ਼ਰੀ ਵਾਰ ਅਪੀਲ ਕੀਤੀ ਗਈ ਹੈ | ਇਸ ਮਗਰੋਂ ਕਹਿਣਾ ਨਾ ਮੰਨਣ ਦੀ ਸੂਰਤ ਵਿਚ ਮੋਟੇ ਚਲਾਨ ਜਾਂ ਸਮਾਨ ਜ਼ਬਤ ਕੀਤਾ ਜਾਵੇਗਾ |