ਨਾਭਾ, 20 ਜੂਨ (ਕਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਨਾਭਾ ਦੀ ਮੀਟਿੰਗ ਗੁਰਦੁਆਰਾ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਨਾਭਾ ਵਿਚ ਬਲਾਕ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬਿਰਧਨੋ ਦੀ ਪ੍ਰਧਾਨਗੀ ਹੇਠ ਹੋਈ | ਵੱਖ ਵੱਖ ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਹੱਥੋਂ ਬਾਜੀ ਨਿਕਲ ਗਈ ਹੈ | ਸਾਰੇ ਮਹਿਕਮਿਆਂ ਦਾ ਬੁਰਾ ਹਾਲ ਹੈ | ਅਫ਼ਸਰਸ਼ਾਹੀ ਮਨਮਾਨੀ ਕਰਨ 'ਤੇ ਲੱਗੀ ਹੋਈ ਹੈ ਕੋਈ ਵੀ ਰੋਕਣ ਟੋਕਣ ਵਾਲਾ ਨਹੀਂ | ਕੁਰੱਪਸ਼ਨ ਸਾਰੇ ਹੱਦਾਂ ਬੰਨੇ ਟੱਪ ਗਈ ਹੈ | ਮਾਲ ਮਹਿਕਮੇ ਦੇ ਰਿਕਾਰਡ ਵਿੱਚ ਪਟਵਾਰੀਆਂ ਵੱਲੋਂ ਕੀਤੀਆਂ ਗਈਆਂ ਗ਼ਲਤੀਆਂ ਦਾ ਖ਼ਮਿਆਜ਼ਾ ਆਮ ਕਿਸਾਨ ਨੂੰ ਭੁਗਤਣਾ ਪੈਂਦਾ ਹੈ ਦਰੁਸਤੀਆਂ ਤੇ ਫ਼ਰਦ ਬਦਲੀਆਂ ਦੇ ਚੱਕਰਾਂ ਵਿਚ ਅਜਿਹਾ ਉਲਝਾਇਆ ਜਾਂਦਾ ਹੈ ਕਿ ਲੋਕਾਂ ਨੂੰ ਮਜਬੂਰ ਹੋ ਕੇ ਰਿਸ਼ਵਤ ਵਾਲਾ ਰਸਤਾ ਅਪਣਾਉਣਾ ਪੈਂਦਾ ਹੈ | ਮੌਸਮ ਵਿਚ ਹਨ੍ਹੇਰੀਆਂ ਦਾ ਦੌਰ ਚੱਲ ਰਿਹਾ ਹੈ ਕਿਤੇ ਚਾਰ ਖੰਭੇ ਡਿੱਗ ਜਾਣ ਸੰਬੰਧਿਤ ਜੇ ਈ ਸਿੱਧਾ ਆਖ ਦਿੰਦੇ ਹਨ ਕਿ ਇਕ ਹਫ਼ਤਾ ਬਿਜਲੀ ਨਹੀਂ ਆਵੇਗੀ ਕਿਉਂਕਿ ਬੋਰਡ ਕੋਲ ਮੁਲਾਜਮਾਂ ਦੀ ਘਾਟ ਹੈ | ਕਿਸਾਨ ਪ੍ਰਾਈਵੇਟ ਠੇਕੇਦਾਰ ਨੂੰ ਪੈਸੇ ਦੇ ਕੇ ਕੰਮ ਕਰਵਾ ਲੈਂਦੇ ਹਨ, ਇਹੀ ਠੇਕੇਦਾਰ ਮੁਲਾਜਮਾਂ ਨਾਲ ਮਿਲ ਕੇ ਐਸਟੀਮੇਟ ਬਣਵਾ ਕੇ ਸਰਕਾਰ ਨੂੰ ਚੂਨਾ ਲਗਾ ਰਹੇ ਹਨ | ਬੁਲਾਰਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਬਹੁਤ ਬੜਾ ਸਕੈਂਡਲ ਹੈ ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ | ਹੋਰ ਮਹਿਕਮਿਆਂ ਵਿੱਚ ਵੀ ਰਿਸ਼ਵਤ ਖੋਰੀ ਸਿਖਰਾਂ 'ਤੇ ਹੈ | ਆਮ ਪਬਲਿਕ ਦਾ ਤਾਂ ਰੱਬ ਹੀ ਰਾਖਾ ਹੈ | ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਘੁੰਮਣ ਸਿੰਘ ਰਾਜਗੜ੍ਹ, ਹਰਦੀਪ ਸਿੰਘ ਘਨੁੜਕੀ, ਲਾਭ ਸਿੰਘ ਦਿੱਤੂਪੁਰ, ਜਗਜੀਤ ਸਿੰਘ ਮੋਹਲਗੁਆਰਾ, ਨਿਰਭੈ ਸਿੰਘ ਬਿਰਧਨੋ ਅਤੇ ਪਰਵਿੰਦਰ ਸਿੰਘ ਬਨੇਰਾ ਖੁਰਦ ਦੇ ਨਾਮ ਜਿਕਰਯੋਗ ਹਨ |