ਪਟਿਆਲਾ, 20 ਜੂਨ (ਗੁਰਪ੍ਰੀਤ ਸਿੰਘ ਚੱਠਾ)-ਆਰਥਿਕ ਜਨਗਣਨਾ 2025 ਦੀ ਪ੍ਰਕਿ੍ਆ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਮਰਿੰਦਰ ਸਿੰਘ ਟਿਵਾਣਾ ਨੇ ਜਾਇਜਾ ਬੈਠਕ ਕੀਤੀ | ਮੀਟਿੰਗ ਦਾ ਮੁੱਖ ਮੰਤਵ 2025 ਦੀ ਆਰਥਿਕ ਜਨਗਣਨਾ ਦੀ ਤਿਆਰੀਆਂ ਤੇ ਸਹਿਯੋਗ ਅਤੇ ਕਾਰਗੁਜ਼ਾਰੀ ਨੂੰ ਸੁਨਿਸ਼ਚਿਤ ਕਰਨਾ ਸੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਕਿ੍ਆ ਨਾਲ ਜ਼ਿਲ੍ਹੇ ਦੇ ਵਿਕਾਸ ਯੋਜਨਾਵਾਂ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਨਵੀਂ ਆਰਥਿਕ ਨੀਤੀਆਂ ਤਿਆਰ ਕਰਨ ਵਿਚ ਸਹਾਇਤਾ ਮਿਲੇਗੀ | ਉਨ੍ਹਾ ਕਿਹਾ ਕਿ ਇਹ ਗਣਨਾ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਲਈ ਜ਼ਿਲ੍ਹਾ ਅਤੇ ਬਲਾਕਾਂ ਵਿਚ ਵਧੇਰੇ ਜਾਣਕਾਰੀ ਪ੍ਰਦਾਨ ਕਰੇਗੀ, ਜਿਸ ਨਾਲ ਵਿਕਾਸ ਕਾਰਜਾਂ ਦੀ ਬਿਹਤਰ ਯੋਜਨਾ ਬਣਾਈ ਜਾ ਸਕੇਗੀ | ਵਧੀਕ ਡਿਪਟੀ ਕਮਿਸ਼ਨਰ ਨੇ ਬੈਠਕ ਵਿਚ ਸ਼ਿਰਕਤ ਕਰਨ ਵਾਲੇ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਇਸ ਪ੍ਰਕਿ੍ਆ ਤੋ ਜਾਣੂ ਕਰਵਾਉਂਦਿਆਂ ਕਿਹਾ ਕਿ ਆਰਥਿਕ ਜਨਗਣਨਾ ਤੋਂ ਮਿਲਣ ਵਾਲੇ ਡਾਟੇ ਅਤੇ ਜਾਣਕਾਰੀ ਨਾਲ ਸਰਕਾਰ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਵਿਕਾਸ ਕਾਰਜਾਂ ਦੀ ਯੋਜਨਾ ਬਣਾਉਣ ਵਿਚ ਮਦਦ ਮਿਲੇਗੀ ਕਿ ਕਿਹੜੇ ਖੇਤਰ ਵਿਚ ਕਿੰਨਾ ਵਿਕਾਸ ਹੋ ਰਿਹਾ ਹੈ ਅਤੇ ਕਿਹੜੇ ਖੇਤਰਾਂ ਵਿਚ ਵਧੇਰੇ ਧਿਆਨ ਦੀ ਲੋੜ ਹੈ | ਇਹ ਡਾਟਾ ਸਿਰਫ਼ ਸਰਕਾਰੀ ਨੀਤੀਆਂ ਲਈ ਹੀ ਨਹੀ, ਸਗੋਂ ਜਨਤਾ ਅਤੇ ਵਿਕਾਸ ਨਾਲ ਜੁੜੇ ਸਹਿਯੋਗੀਆਂ ਲਈ ਵੀ ਅਹਿਮ ਸਾਧਕ ਸਾਬਤ ਹੋਵੇਗਾ | ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਟਾਫ਼ ਦੀਆਂ ਲਿਸਟਾਂ ਤਿਆਰ ਕਰਨ, ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਮਾਸਟਰ ਟ੍ਰੇਨਰਾਂ ਦੀ ਨਿਯੁਕਤੀ ਕਰਨ ਅਤੇ ਨੋਡਲ ਅਫ਼ਸਰਾਂ ਨੂੰ ਨਿਯੁਕਤ ਕਰਨ 'ਤੇ ਚਰਚਾ ਕੀਤੀ | ਉਨ੍ਹਾਂ ਜ਼ਿਲ੍ਹਾ ਸਿਖਿਆ ਅਫਸਰ, ਈ.ਓਜ਼ ਅਤੇ ਬੀ.ਡੀ.ਪੀ.ਓਜ਼ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਹਦਾਇਤਾਂ ਦਿੱਤੀਆਂ | ਅਮਰਿੰਦਰ ਸਿੰਘ ਟਿਵਾਣਾ ਨੇ ਅਪੀਲ ਕੀਤੀ ਕਿ ਲੋਕ ਇਸ ਮਹੱਤਵਪੂਰਨ ਕਾਰਜ ਵਿਚ ਆਪਣੇ ਪੂਰੇ ਯੋਗਦਾਨ ਅਤੇ ਸਮਰਪਣ ਨਾਲ ਜ਼ਿਲ੍ਹੇ ਦੇ ਵਿਕਾਸ ਲਈ ਨਵੇਂ ਆਰਥਿਕ ਦਿਸ਼ਾ ਨਿਰਦੇਸ਼ਾਂ ਦੇ ਨਿਰਮਾਣ ਵਿਚ ਮਦਦ ਕਰਨ | ਉਨ੍ਹਾਂ ਕਿਹਾ ਕਿ ਜਨਗਣਨਾ ਤੋਂ ਪ੍ਰਾਪਤ ਜਾਣਕਾਰੀ ਨਾਲ ਹੀ ਅਸੀਂ ਆਪਣੇ ਵਧਦੇ ਹੋਏ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਸਕਾਂਗੇ ਅਤੇ ਵਿਕਾਸ ਦੇ ਨਵੇਂ ਰਾਹ ਖੋਲ੍ਹ ਸਕਾਂਗੇ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਸਨ |