ਸਮਾਣਾ, 20 ਜੂਨ (ਹਰਵਿੰਦਰ ਸਿੰਘ ਟੋਨੀ)-ਵਿਦੇਸ਼ ਗਏ ਲੋਕਾਂ ਦੀ ਜ਼ਮੀਨ ਦੇ ਜਾਅਲੀ ਕਾਗ਼ਜ਼ਾਤ ਤਿਆਰ ਕਰਕੇ ਉਨ੍ਹਾਂ ਦੇ ਜਾਅਲੀ ਦਸਤਖਤਾਂ ਰਾਹੀਂ ਜ਼ਮੀਨ ਹੋਰ ਲੋਕਾਂ ਨੂੰ ਵੇਚੇ ਜਾਣ ਦੇ ਦੋਸ਼ ਵਿਚ ਸਿਟੀ ਪੁਲਿਸ ਨੇ ਪੰਜ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਵਿਚ ਕੁਲਦੀਪ ਸਿੰਘ ਨਿਵਾਸੀ ਪਿੰਡ ਕਕਰਾਲਾ, ਰਣਜੋਧਵੀਰ ਸਿੰਘ ਅਤੇ ਪਰਮਪ੍ਰੀਤ ਕੌਰ ਵਾਸੀਆਨ ਪਿੰਡ ਜਨਾਲ (ਸੰਗਰੂਰ) ਅਤੇ ਦੋ ਅਣਪਛਾਤੇ ਲੋਕ ਸ਼ਾਮਲ ਹਨ | ਸਿਟੀ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਨੂਪ ਸਿੰਘ ਪੁੱਤਰ ਅਨੋਖ ਸਿੰਘ ਨਿਵਾਸੀ ਥਾਣੇਸਰ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਅਤੇ ਪਰਮਜੀਤ ਕੌਰ ਨਿਵਾਸੀ ਪਿੰਡ ਕੋਟਲੀ ਸਮਾਣਾ ਵਲੋਂ ਜ਼ਿਲੇ੍ਹ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ ਵਿਦੇਸ਼ ਵਿਚ ਰਹਿ ਰਹੇ ਅਨੂਪ ਸਿੰਘ ਦੇ ਲੜਕੇ ਬਲਰਾਜ ਸਿੰਘ ਅਤੇ ਬਖਸ਼ਿੰਦਰ ਸਿੰਘ ਦੇ ਜਾਅਲੀ ਅਧਾਰ ਕਾਰਡ, ਪੈੱਨ ਕਾਰਡ ਤੇ ਹੋਰ ਕਾਗ਼ਜ਼ਾਤ ਤਿਆਰ ਕਰਕੇ ਜਾਅਲੀ ਦਸਤਖ਼ਤ ਕਰਕੇ ਲੱਖਾਂ ਰੁਪਏ ਦੀ ਕੀਮਤ ਦੀ ਕਰੀਬ 20 ਕਨਾਲ ਜ਼ਮੀਨ ਹੋਰ ਵਿਅਕਤੀਆਂ ਨੂੰ ਵੇਚ ਕੇ ਦੋਵੇਂ ਧਿਰਾਂ ਨਾਲ ਧੋਖਾਧੜੀ ਕੀਤੀ ਹੈ | ਇੱਥੋਂ ਤੱਕ ਕਿ ਰਜਿਸਟਰੀ ਕਰਵਾਉਣ ਸਮੇਂ ਵਿਦੇਸ਼ ਵਿਚ ਬੈਠੇ ਉਸ ਦੇ ਪੁੱਤਰ ਦੀ ਜਗ੍ਹਾ ਹੋਰ ਵਿਅਕਤੀ ਨੂੰ ਖੜ੍ਹਾ ਕਰ ਕੇ ਉਸ ਦੇ ਜਾਅਲੀ ਦਸਤਖਤਾਂ ਰਾਹੀਂ ਰਜਿਸਟਰੀ ਕਰਵਾ ਦਿੱਤੀ ਗਈ | ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਪੜਤਾਲ ਅਤੇ ਕਾਨੂੰਨੀ ਸਲਾਹ ਤੋਂ ਬਾਅਦ ਇਸ ਧੋਖਾਧੜੀ ਦਾ ਮਾਮਲਾ ਪਾਏ ਜਾਣ ਤੋਂ ਬਾਅਦ ਦਿੱਤੇ ਗਏ ਹੁਕਮਾਂ 'ਤੇ ਸਿਟੀ ਪੁਲਿਸ ਨੇ ਪੰਜ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |