ਸਮਾਣਾ, 20 ਜੂਨ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ)-'ਇਹ ਇਕ ਹਕੀਕਤ ਹੈ ਕਿ ਪਾਪੀ ਲੋਕ ਧਰਮੀਆਂ ਨਾਲ ਹਰ ਯੁੱਗ ਵਿਚ ਆਢੇ ਲੈਂਦੇ ਆਏ ਹਨ, ਪਰ ਇਤਿਹਾਸ ਗਵਾਹ ਹੈ ਕਿ ਜਿੱਤ ਹਮੇਸ਼ਾ ਧਰਮੀਆਂ ਦੀ ਹੋਈ ਹੈ | ਅਜੋਕੇ ਸਮੇਂ ਵਿਚ ਇਹ ਪਾਪੀ ਸਾਜ਼ਿਸ਼ਾਂ ਰਚ-ਰਚ ਕੇ ਪਵਿੱਤਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਕੇ ਧਰਮ ਨੂੰ ਨੀਵਾਂ ਦਿਖਾਉਣਾ ਚਾਹੰੁਦੇ ਹਨ | ਅਜਿਹੇ ਵਿਚ ਸਾਰੇ ਧਰਮੀਆਂ ਦਾ ਫ਼ਰਜ਼ ਬਣਦੇ ਕਿ ਸਭ ਇਕੱਠੇ ਹੋ ਕੇ ਇਨ੍ਹਾਂ ਦੁਸ਼ਟਾਂ ਦੇ ਨੱਕ ਵਿਚ ਸਖ਼ਤ ਕਾਨੂੰਨ ਦੀ ਨਕੇਲ ਪਾਈ ਜਾਵੇ |' ਉਪਰੋਕਤ ਵਿਚਾਰ ਟਾਵਰ ਮੋਰਚੇ ਦੇ ਸੰਯੋਜਕ ਭਾਈ ਗੁਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਇਸ ਮਕਸਦ ਲਈ 12 ਅਕਤੂਬਰ 2024 ਤੋਂ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਜਿਸ ਨੂੰ ਕਿ ਟਾਵਰ ਮੋਰਚਾ ਵੀ ਕਿਹਾ ਜਾਂਦਾ ਹੈ ਸਮਾਣਾ ਵਿਖੇ ਚੱਲ ਰਿਹਾ ਹੈ | ਭਾਈ ਗੁਰਜੀਤ ਸਿੰਘ ਖ਼ਾਲਸਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਇਸ ਸੰਘਰਸ਼ ਦੀ ਬਦੌਲਤ 'ਪੰਜਾਬ ਪਰਵੈਂਸ਼ਨ ਆਫ਼ ਅਫੈਂਸਸ ਅਗੇਂਸਟ ਹੋਲੀ ਬੁਕਸ ਐਂਡ ਰਿਲੀਜ਼ਸ ਪਲੇਸਿਸ ਐਕਟ 2025' ਦਾ ਖਰੜਾ ਮੋਰਚਾ ਟੀਮ ਵਲੋਂ ਤਿਆਰ ਕਰਵਾ ਕੇ ਮੁੱਖ ਮੰਤਰੀ ਪੰਜਾਬ ਦੇ ਕੋਲ ਪਹੁੰਚਾ ਦਿੱਤਾ ਗਿਆ ਹੈ | ਪਰ ਕੁਝ ਪੰਜਾਬ ਵਿਰੋਧੀ ਤਾਕਤਾਂ ਇਸ ਸਟੇਟ ਐਕਟ ਨੂੰ ਅਟਕਾ ਰਹੀਆਂ ਜਾਪਦੀਆਂ ਹਨ | ਇਸ ਰੋਕ ਨੂੰ ਤੋੜਨ ਲਈ 25 ਜੂਨ ਦਿਨ ਬੁੱਧਵਾਰ ਨੂੰ 10-2 ਵਜੇ ਤੱਕ ਸਮਾਣਾ ਵਿਖੇ ਆਪਣੇ ਤਰ੍ਹਾਂ ਦੀ ਪਹਿਲੀ 'ਸਰਬ ਧਰਮ ਮਹਾਂ ਪੰਚਾਇਤ' ਹੋਣ ਜਾ ਰਹੀ ਹੈ | ਜਿਸ ਵਿਚ ਸਭ ਧਰਮਾਂ ਦੇ ਮੁਖੀ ਸ਼ਾਮਲ ਹੋਣਗੇ ਤਾਂ ਕਿ ਕੋਈ ਦੁਸ਼ਟ ਕਿਸੇ ਮੰਦਰ, ਮਸੀਤ, ਗੁਰਦੁਆਰਾ ਸਾਹਿਬ ਜਾਂ ਗਿਰਜੇ ਵਿਚ ਜਾ ਕੇ ਬੇਅਦਬੀ ਕਰਨ ਦੀ ਹਿੰਮਤ ਨਾ ਕਰ ਸਕੇ | ਸਮੂਹ ਪੰਜਾਬੀਆਂ ਨੂੰ ਮੁਖ਼ਾਤਬ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਧਰਮ ਯੁੱਧ ਵਿਚ ਜੇ ਤੁਸੀਂ ਧਰਮ ਦੇ ਪੱਖ ਵਿਚ ਇਸ ਮੋਰਚੇ ਨਾਲ ਨਹੀਂ ਖੜੋਗੇ ਤਾਂ ਦੁਸ਼ਟਾਂ ਨੂੰ ਉਤਸ਼ਾਹਿਤ ਕਰ ਰਹੇ ਹੋਵੋਗੇ | ਇਸ ਮੌਕੇ ਮੁਸਲਮਾਨ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਦਿਲਬਰ ਖਾਨ ਨੇ ਦੱਸਿਆ ਕਿ ਸਰਬ ਧਰਮ ਮਹਾਂ ਪੰਚਾਇਤ ਵਿਚ ਸਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵਿਸ਼ੇਸ਼ ਤੌਰ 'ਤੇ ਇਲਾਕੇ ਦੇ ਸਾਰੇ ਮੁਸਲਮਾਨ ਸਮਾਜ ਸਹਿਤ ਭਾਰੀ ਗਿਣਤੀ ਵਿਚ ਭਾਈ ਗੁਰਜੀਤ ਸਿੰਘ ਦੇ ਪਵਿੱਤਰ ਸੁਪਨੇ ਨੂੰ ਪੂਰਾ ਕਰਨ ਲਈ ਪਹੁੰਚ ਰਹੇ ਹਨ |