15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਭਾਰੀ ਮੀਂਹ ਪੈਣ ਦੇ ਬਾਵਜੂਦ ਪਟਿਆਲਾ ਹੜ੍ਹਾਂ ਤੋਂ ਸੁਰੱਖਿਅਤ, ਘੱਗਰ ਦੇ ਨਾਲ ਲਗਦੇ ਇਲਾਕਿਆਂ 'ਚ ਪ੍ਰਸ਼ਾਸਨ ਮੁਸਤੈਦ <br/>

ਅਜੀਤ ਡੈਸਕ 01-09-2025
ਪਟਿਆਲਾ, 31 ਅਗਸਤ-ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਭਾਰੀ ਬਰਸਾਤ ਤੋਂ ਬਾਅਦ ਆਏ ਹੜ੍ਹ ਕਾਰਨ ਜਿਥੇ ਸਥਿਤੀ ਤੇ ਜਨਜੀਵਨ ਬਦਤਰ ਹੋਇਆ ਪਿਆ ਹੈ ਉੱਥੇ ਹੀ ਪਟਿਆਲਾ ਜ਼ਿਲ੍ਹਾ ਤੇ ਨੇੜਲੇ ਖੇਤਰ ਫਿਲਹਾਲ ਹੜ੍ਹਾਂ ਦੀ ਮਾਰ ਤੋਂ ਬਚੇ ਹੋਏ ਹਨ | ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਤੇ ਏ.ਡੀ.ਸੀ. (ਯੂ.ਡੀ.) ਨਵਨੀਤ ਕੌਰ ਸੇਖੋਂ, ਐਸ.ਡੀ.ਐਮ. ਹਰਜੋਤ ਕੌਰ ਸਮੇਤ ਜ਼ਿਲ੍ਹੇ ਦੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕਮਰਕਸੇ ਕਰ ਕੇ ਇਲਾਕਿਆਂ 'ਚ ਮੁਸਤੈਦੀ ਨਾਲ ਨਜ਼ਰ ਰੱਖਣ ਦੇ ਨਾਲ-ਨਾਲ ਵੱਖ-ਵੱਖ ਥਾਵਾਂ 'ਤੇ ਦੌਰਾ ਕਰ ਕੇ ਸਥਿਤੀ ਦਾ ਹਾਲ ਜਾਣ ਕੇ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ | ਜ਼ਿਲ੍ਹੇ 'ਚ ਦੇਵੀਗੜ੍ਹ ਸਮੇਤ ਕੁਝ ਥਾਵਾਂ 'ਤੇ ਪਾਣੀ ਦਾ ਪੱਧਰ ਵਧਣ ਕਾਰਨ ਕਰੀਬ 500 ਏਕੜ 'ਚ ਦਾਖ਼ਲ ਹੁੰਦਾ ਸੜਕਾਂ ਪਾਰ ਕਰਦਾ ਅੱਗੇ ਵਧਦਾ ਨਜ਼ਰ ਆਇਆ | ਅੱਜ ਪਟਿਆਲਾ ਸ਼ਹਿਰ 'ਚ ਪਏ ਮੀਂਹ ਕਾਰਨ ਜਿਥੇ ਵੱਡੀ ਤੇ ਛੋਟੀ ਨਦੀ 'ਚ ਪਾਣੀ ਦਾ ਪੱਧਰ ਇਕ-ਦੋ ਫੁੱਟ ਵਧਿਆ ਦੇਖਣ ਨੂੰ ਮਿਲਿਆ ਉੱਥੇ ਹੀ ਅਧਿਕਾਰੀਆਂ ਅਨੁਸਾਰ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਇਹ ਪਾਣੀ ਜ਼ਿਲ੍ਹੇ ਅਤੇ ਨੇੜਲੇ ਖੇਤਰਾਂ ਸਮੇਤ ਮੁਹਾਲੀ, ਫ਼ਤਹਿਗੜ੍ਹ ਸਾਹਿਬ 'ਚ ਪਈ ਬਾਰਿਸ਼ ਸਦਕਾ ਵਧਿਆ ਹੈ | ਦੂਜੇ ਪਾਸੇ ਕਿਸੇ ਪ੍ਰਕਾਰ ਦੀ ਸਮੱਸਿਆ ਨਾਲ ਪਹਿਲਾਂ ਹੀ ਨਜਿੱਠਣ ਲਈ ਵੱਡੀ ਨਦੀ ਵਿਚ ਪਿਛੋਂ ਪਾਣੀ ਨਾਲ ਆਈ ਬੂਟੀ ਮਸ਼ੀਨਾਂ ਲਗਾ ਕੇ ਸਨੌਰੀ ਅੱਡੇ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਾਹਰ ਕਢਵਾਈ ਜਾ ਰਹੀ ਹੈ | ਇਸੇ ਤਰ੍ਹਾਂ ਛੋਟੀ ਨਦੀ ਵਿਚ ਵੀ ਪਾਣੀ ਵਧਣ ਦਾ ਕਾਰਨ ਮੀਂਹ ਦਸਿਆ ਗਿਆ | 'ਅਜੀਤ' ਨਾਲ ਗਲਬਾਤ ਕਰਦਿਆਂ ਡਰੇਨੇਜ਼ ਵਿਭਾਗ ਦੇ ਐਸ.ਈ. ਰਜਿੰਦਰ ਘਈ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਡੀ ਅਤੇ ਛੋਟੀ ਨਦੀ 'ਤੇ ਨਜ਼ਰ ਰਖੀ ਜਾ ਰਹੀ ਹੈ ਅਤੇ ਬੋਰੀਆਂ, ਟਿੱਪਰ ਤੇ ਮਿੱਟੀ ਦੀ ਲੋੜ ਅਨੁਸਾਰ ਤਿਆਰ ਕੀਤੀ ਜਾ ਚੁੱਕੀ ਹੈ | ਘੱਗਰ, ਟਾਂਗਰੀ, ਮਾਰਕੰਡਾ, ਭੋਰੇ ਸਾਈਫ਼ਨ, ਢਕਾਨਸੂ ਨਾਲਾ ਤੇ ਖਨੌਰੀ ਸਾਈਫ਼ਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਪਿੰਡ ਸਰਾਲਾ ਕਲਾਂ ਕੋਲ ਸਵੇਰੇ 10 ਵਜੇ 17 ਹਜ਼ਾਰ ਕਿਊਸਿਕ ਪਾਣੀ ਸੀ ਜੋ ਕਿ ਸ਼ਾਮ 4 ਵਜੇ ਘੱਟ ਕੇ 11605 ਕਿਊਸਿਕ 'ਤੇ ਆਉਣ ਪਹੁੰਚਿਆ | ਉਨ੍ਹਾਂ ਦਸਿਆ ਕਿ ਇਹ ਪਾਣੀ ਮਾੜੂ, ਸਿਰਕੱਪੜਾ ਪਾਰ ਕਰਨ ਤੋਂ ਬਾਅਦ ਦੇਵੀਗੜ੍ਹ ਰੋਡ ਤੋਂ ਅੱਗੇ ਜਾਣ ਕਾਰਨ ਹੁਣ ਘਟਿਆ ਹੈ ਜੋ ਕਿ ਟਾਂਗਰੀ ਨਦੀ 'ਚ 32,483 ਕਿਊਸਿਕ ਦੇਖਣ ਨੂੰ ਮਿਲਿਆ ਜਿਹੜਾ ਖ਼ਤਰੇ ਤੋਂ ਲਗਭਗ 1 ਹਜ਼ਾਰ ਕਿਊਸਿਕ ਉਪਰ ਚਲ ਰਿਹਾ ਹੈ | ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਸਰਹੱਦ 'ਤੇ ਮਾਰਕੰਡਾ ਵਿਖੇ ਫਿਲਹਾਲ ਪਾਣੀ ਜਾਣ ਤੋਂ ਪਹਿਲਾਂ ਹੀ ਪਿੱਛੋਂ ਆਉਂਦਾ ਪਾਣੀ ਚੀਕਾ ਰੋਡ ਤੋਂ ਪਹਿਲਾਂ ਘੱਗਰ 'ਚ ਪਹੁੰਚ ਜਾਂਦਾ ਹੈ | ਇਸ ਸਮੇਂ ਟਟਿਆਣਾ 'ਚ ਪਾਣੀ ਦਾ ਪੱਧਰ 21 ਫੁੱਟ ਪਹੁੰਚ ਚੁੱਕਾ ਹੈ ਜਦੋਂ ਕਿ ਉੱਥੇ 23 ਫੁੱਟ 'ਤੇ ਖ਼ਤਰੇ ਦਾ ਪੱਧਰ ਹੈ ਅਤੇ ਇਸ ਸਮੇਂ 42 ਹਜ਼ਾਰ ਕਿਊਸਿਕ ਪਾਣੀ ਚਲ ਰਿਹਾ ਹੈ ਅਤੇ ਟਟਿਆਣਾ ਵਿਖੇ 48 ਹਜ਼ਾਰ ਕਿਊਸਿਕ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਦਰਸਾਉਂਦਾ ਹੈ | ਐਸ.ਈ. ਘਈ ਨੇ ਹੋਰ ਕਿਹਾ ਕਿ ਇਹ ਪਾਣੀ 12 ਘੰਟੇ ਬਾਅਦ ਖਨੌਰੀ ਪਹੁੰਚਦਾ ਹੈ | ਮੌਜੂਦਾ ਹਾਲਾਤ ਬਾਰੇ ਗਲ ਕਰਦਿਆਂ ਅਧਿਕਾਰੀ ਨੇ ਦਸਿਆ ਕਿ ਫਿਲਹਾਲ ਹੋਈ ਬਾਰਿਸ਼ ਕਾਰਨ ਜੇਕਰ ਭਾਂਖਰਪੁਰ ਵਿਚ ਪਾਣੀ ਵਧਿਆ ਜਾਂ ਪਿਛਲੇ ਖੇਤਰਾਂ 'ਚੋਂ ਪਾਣੀ ਆਇਆ ਤਾਂ ਉਸ ਨੂੰ ਪਟਿਆਲਾ ਦੀ ਹੱਦ 'ਚ ਪਹੁੰਚਣ ਲਈ 12 ਘੰਟੇ ਲੱਗਣਗੇ ਇੰਨੇ ਨੂੰ ਹੁਣ ਘੱਗਰ ਅਤੇ ਹੋਰ ਥਾਵਾਂ 'ਤੇ ਚੱਲ ਰਹੇ ਪਾਣੀ ਦਾ ਪੱਧਰ ਅੱਗੇ ਜਾਣ ਕਾਰਨ ਘਟ ਜਾਵੇਗਾ |

ਪਿਛਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ 'ਆਪ' ਵਲੰਟੀਅਰਾਂ ਨੇ ਖੇਡਾਂ ਵਤਨ ਪੰਜਾਬ ਦੀਆਂ 'ਮਸ਼ਾਲ ਮਾਰਚ' ਦਾ ਨਾਭਾ ਪ... ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਦੇਵੀਗੜ੍ਹ ਵਿਖੇ ਘੱਗਰ ਤੇ ਖਤੌਲੀ ਵਿਖੇ ਟਾਂਗਰੀ ਨਦੀ ਦੇ ਵਹਾਅ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।