ਪਟਿਆਲਾ, 16 ਅਕਤੂਬਰ (ਭਗਵਾਨ ਦਾਸ)- ਦੀਵਾਲੀ ਮੌਕੇ ਡੀ. ਪੀ. ਐਸ. ਦੇ ਇਸ ਸਾਲ ਦੇ ਸਮਾਰੋਹ ਦਾ ਵਿਸ਼ਾ ਰਮਾਇਣ, ਮਰਯਾਦਾ, ਭਗਤੀ ਅਤੇ ਜਿੱਤ ਦੀ ਕਹਾਣੀ ਸੀ | ਕਲਾਸ ਦੂਜੀ ਤੋਂ ਛੇਵੀਂ ਤੱਕ ਦੇ ਨੰਨ੍ਹੇ ਮੁੰਨੇ ਕਲਾਕਾਰਾਂ ਨੇ ਰਾਮਲੀਲਾ ਰੂਪ ਵਿੱਚ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ, ਮਾਤਾ ਸੀਤਾ ਦੀ ਪਵਿੱਤਰਤਾ, ਲਕਸ਼ਮਣ ਦੀ ਨਿਸ਼ਠਾ ਅਤੇ ਹਨੁਮਾਨ ਦੀ ਅਦਭੁੱਤ ਭਗਤੀ ਨੂੰ ਨਾਟਕ, ਨਾਚ ਅਤੇ ਝਾਂਕੀਆਂ ਰਾਹੀਂ ਜੀਵੰਤ ਕਰ ਦਿੱਤਾ | ਜਦੋਂ ਮੰਚ ਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਗੂੰਜੇ ਤਾਂ ਸਾਰਾ ਆਡੀਟੋਰੀਅਮ ਉਤਸ਼ਾਹ ਨਾਲ ਗੂੰਜ ਉਠਿਆ | ਰਾਠੌਰ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ | ਵਿਸ਼ੇਸ਼ ਮਹਿਮਾਨ ਸ਼ਰੂਤੀ ਬਾਂਸਲ ਨੇ ਵੀ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਆਤਮ ਵਿਸ਼ਵਾਸ ਦੀ ਪ੍ਰਸ਼ੰਸਾ ਕੀਤੀ ਕਿ ਰਾਮਾਇਣ ਵਰਗੀ ਦੈਵੀ ਕਹਾਣੀ ਨੂੰ ਇਨੀ ਸੁੰਦਰਤਾ ਅਤੇ ਭਾਵਨਾਵਾਂ ਨਾਲ ਰੰਗਮੰਚ 'ਤੇ ਉਤਾਰਨਾ ਬੱਚਿਆਂ ਦੀ ਸਮਰਪਣ ਭਾਵਨਾ ਦਾ ਪ੍ਰਤੀਕ ਹੈ | ਇਸ ਤੋਂ ਪਹਿਲਾਂ ਸਮਾਰੋਹ ਦੇ ਮੁੱਖ ਮਹਿਮਾਨ ਬਲਜੋਤ ਸਿੰਘ ਰਾਠੌਰ (ਇੰਸਪੈਕਟਰ ਜਨਰਲ ਆਫ ਪੁਲਿਸ) ਅਤੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਸ਼ਰੂਤੀ ਬਾਂਸਲ (ਅਸਿਸਟੈਂਟ ਕਮਿਸ਼ਨਰ) ਨੇ ਦੀਪ ਜਲਾ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ | ਸਮਾਰੋਹ ਵਿੱਚ ਪੁਨੀਤ ਸਿੰਘ ਬੰਗਾ (ਸੋਸ਼ਲ ਮੀਡੀਆ ਇਨਫਲੂਐਸਰ ਪਟਿਆਲਾ ਹੈਲਪ ਕਲੱਬ), ਸਮੀਰ ਪਾਂਧੀ (ਡਾਇਰੈਕਟਰ), ਗੰਜੂ ਪਾਂਧੀ (ਪਿ੍ੰਸੀਪਲ ਸਪਰਿੰਗਲਸ ਪ੍ਰੀ ਸਕੂਲ) ਨੇ ਵੀ ਸ਼ਮੂਲੀਅਤ ਕੀਤੀ | ਸਮਾਰੋਹ ਦੇ ਅਖੀਰ ਵਿੱਚ ਸਕੂਲ ਦੇ ਪਿ੍ੰਸੀਪਲ ਸੰਤੋਸ਼ ਸ਼ੁਕਲਾ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਆਯੋਜਨ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਮਾਇਣ ਸਾਨੰੂ ਇਹ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਸੱਚ, ਮਰਯਾਦਾ ਅਤੇ ਧਰਮ ਦਾ ਰਾਹ ਹੀ ਅਸਲੀ ਜਿੱਤ ਦਾ ਰਸਤਾ ਹੈ | ਡੀ ਪੀ ਐਸ ਪਟਿਆਲਾ ਦੇ ਵਿਦਿਆਰਥੀਆਂ ਨੇ ਅੱਜ ਇਹ ਸੰਦੇਸ਼ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਰੰਗਮੰਚ 'ਤੇ ਪੇਸ਼ ਕੀਤਾ ਹੈ |