ਸਨੌਰ, 16 ਅਕਤੂਬਰ (ਸੋਖਲ)-ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਚੇਅਰਮੈਨ ਬੈਂਕ ਫਿਨਕੋ ਪੰਜਾਬ ਨਿਰਮਲ ਸਿੰਘ ਭੱਟੀਆਂ ਨੇ ਕਾਂਗਰਸ ਦੇ ਪ੍ਰਮੁੱਖ ਨੇਤਾ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨਾਲ ਅਜੇ ਸਿੰਘ ਭੱਟੀਆਂ ਅਤੇ ਨਵਜੋਤ ਸਿੰਘ ਭੱਟੀਆਂ ਵੀ ਮੌਜੂਦ ਸਨ | ਇਹ ਮੁਲਾਕਾਤ ਰਾਜਨੀਤਿਕ ਤੌਰ 'ਤੇ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਸ 'ਚ ਸਨੌਰ ਹਲਕੇ ਦੇ ਵਿਕਾਸ, ਜਨਹਿਤ ਪ੍ਰਾਜੈਕਟਾਂ ਅਤੇ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਗੰਭੀਰ ਚਰਚਾ ਹੋਈ | ਮੁਲਾਕਾਤ ਦੌਰਾਨ ਨਿਰਮਲ ਸਿੰਘ ਭੱਟੀਆਂ ਨੇ ਸਚਿਨ ਪਾਇਲਟ ਨੂੰ ਸਨੌਰ ਹਲਕੇ ਦੀਆਂ ਜਨਤਕ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਿਹਾ ਕਿ ਹਲਕੇ 'ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਰਕਾਰੀ ਸਹਿਯੋਗ ਦੀ ਲੋੜ ਹੈ, ਖ਼ਾਸਕਰ ਸੜਕਾਂ, ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਖੇਤਰਾਂ 'ਚ ਲੋੜ ਹੈ | ਉਨ੍ਹਾਂ ਨੇ ਪਾਇਲਟ ਨੂੰ ਦੱਸਿਆ ਕਿ ਸਨੌਰ ਹਲਕੇ ਦੇ ਲੋਕ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਉਮੀਦ ਕਰਦੇ ਹਨ ਕਿ ਪਾਰਟੀ ਉਨ੍ਹਾਂ ਦੇ ਮੁੱਦਿਆਂ ਨੂੰ ਪ੍ਰਾਥਮਿਕਤਾ ਦੇਵੇਗੀ | ਸਚਿਨ ਪਾਇਲਟ ਨੇ ਭੱਟੀਆਂ ਵਲ਼ੋਂ ਉਠਾਏ ਮੁੱਦਿਆਂ ਦੀ ਸਹਿਮਤੀ ਦਿੰਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਲੋਕਾਂ ਦੇ ਵਿਕਾਸ ਲਈ ਵਚਨਬੱਧ ਰਹੀ ਹੈ ਅਤੇ ਜਿੱਥੇ ਵੀ ਸੰਭਵ ਹੋਵੇਗਾ, ਉਥੇ ਸਹਿਯੋਗ ਦਿੱਤਾ ਜਾਵੇਗਾ | ਉਨ੍ਹਾਂ ਨੇ ਸਨੌਰ ਹਲਕੇ ਵਿਚ ਕਾਂਗਰਸ ਵਰਕਰਾਂ ਦੇ ਜਜ਼ਬੇ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਚੋਣੀ ਸਮੇਂ ਲਈ ਇਕਜੁਟ ਰਹਿਣ ਦੀ ਅਪੀਲ ਕੀਤੀ |