26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਜ਼ਹਿਰੀਲੀ ਚੀਜ਼ ਖਾਣ ਨਾਲ ਕਿਸਾਨ ਦੀਆਂ ਤਿੰਨ ਮੱਝਾਂ ਮਰੀਆਂ

ਅਜੀਤ ਡੈਸਕ 18-10-2025
ਪਾਤੜਾਂ, 17 ਅਕਤੂਬਰ (ਜਗਦੀਸ ਸਿੰਘ ਕੰਬੋਜ)-ਪਾਤੜਾਂ ਦੇ ਨੇੜਲੇ ਪਿੰਡ ਹਾਮਝੇੜੀ ਦੇ ਇਕ ਕਿਸਾਨ ਦੀਆਂ ਤਿੰਨ ਮੱਝਾਂ ਦੀ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ ਜਦੋਂ ਕਿ ਇਕ ਬਲਦ ਦੀ ਹਾਲਤ ਗੰਭੀਰ ਬਣੀ ਹੋਈ ਹੈ | ਇਸ ਦੇ ਸੰਬੰਧੀ ਵਿਚ ਸੂਚਨਾ ਦਿੱਤੇ ਜਾਣ 'ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਪਿੰਡ ਹਾਮਝੇੜ੍ਹੀ ਦੇ ਕਿਸਾਨ ਗੁਲਾਬ ਸਿੰਘ ਨੇ ਦੱਸਿਆ ਕਿ ਮੇਰੇ ਖੁਰਲੀਆਂ 'ਤੇ ਬੱਝੇ ਹੋਏ ਪਸ਼ੂ ਚਾਰਾ ਖਾ ਰਹੇ ਸਨ ਕਿ ਅਚਾਨਕ ਉਹ ਕੰਬਣ ਲੱਗੇ ਅਤੇ ਕੁਝ ਹੀ ਸਮੇ 'ਚ ਉਹ ਧਰਤੀ 'ਤੇ ਡਿਗ ਕੇ ਤੜਫਣ ਲੱਗ ਪਏ | ਇਸ ਸੰਬੰਧੀ ਸਰਕਾਰੀ ਵੈਟਰਨਰੀ ਡਾਕਟਰਾਂ ਨੂੰ ਸੂਚਿਤ ਕੀਤੇ ਜਾਣ 'ਤੇ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਇਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਪਰ ਥੋੜ੍ਹੇ ਸਮੇਂ ਵਿਚ ਹੀ ਇਨ੍ਹਾਂ 'ਚੋਂ ਤਿੰਨ ਮੱਝਾਂ ਦੀ ਮੌਤ ਹੋ ਗਈ ਹੈ | ਸਾਨੂੰ ਸ਼ੱਕ ਕੇ ਕਿਸੇ ਨੇ ਪਸ਼ੂਆਂ ਦੇ ਚਾਰੇ ਵਿਚ ਕੋਈ ਜ਼ਹਿਰੀਲੀ ਚੀਜ਼ ਮਿਲਾਈ ਹੈ | ਉਨ੍ਹਾਂ ਦੱਸਿਆ ਕਿ ਸਾਡੇ ਘਰ ਵਿਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ ਜਿਨ੍ਹਾਂ ਨੂੰ ਦੇਖਣ 'ਤੇ ਇਸ ਘਟਨਾ ਬਾਰੇ ਕੋਈ ਨਾਂ ਕੋਈ ਜਾਣਕਾਰੀ ਜ਼ਰੂਰ ਮਿਲ ਸਕੇਗੀ | ਮੌਕੇ 'ਤੇ ਮੌਜੂਦ ਦਰਬਾਰਾ ਸਿੰਘ ਸਾਬਕਾ ਸਰਪੰਚ ਦੁਗਾਲ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਸ ਪਿੰਡ ਵਿਚ ਪਹਿਲਾਂ ਵੀ ਪਸ਼ੂਆਂ ਨੂੰ ਅੱਗ ਲਾਏ ਜਾਣ ਸਮੇਤ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਨਾਲ ਕਈ ਕਿਸਾਨਾਂ ਦੇ ਪਸ਼ੂਆਂ ਦਾ ਜਾਨੀ ਨੁਕਸਾਨ ਹੋਣ ਨਾਲ ਵੱਡਾ ਘਾਟਾ ਝੱਲਣਾ ਪਿਆ ਹੈ | ਸਰਕਾਰੀ ਵੈਟਰਨਰੀ ਡਾਕਟਰ ਅਮਿੱਤ ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਇਸ ਪਿੰਡ ਵਿਚ ਪਸ਼ੂਆਂ ਦੇ ਬਿਮਾਰ ਹੋਣ ਦੀ ਸੂਚਨਾ ਮਿਲਣ 'ਤੇ ਜਦੋਂ ਪੁੱਜੇ ਤਾਂ ਦੇਖਿਆ ਕਿ 4 ਪਸ਼ੂਆਂ ਦੀ ਹਾਲਤ ਬਹੁਤ ਹੀ ਗੰਭੀਰ ਸੀ ਅਤੇ ਇਨ੍ਹਾਂ ਨੂੰ ਗੁਲੂਕੋਜ਼ ਦੀਆਂ ਬੋਤਲਾਂ ਲਾ ਕੇ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈ ਪਰ ਇਨ੍ਹਾਂ ਵਿਚ ਤਿੰਨ ਮੱਝਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਲਦ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ | ਪਸ਼ੁੂਆਂ ਦੀ ਮੌਤ ਕਿਸੇ ਜ਼ਹਿਰੀਲੀ ਚੀਜ਼ ਖਾਣ ਨਾਲ ਹੋਈ ਲੱਗਦੀ ਹੈ ਪਰ ਪੂਰੀ ਸਚਾਈ ਇਨ੍ਹਾਂ ਦਾ ਕੱਲ੍ਹ ਨੂੰ ਕੀਤੇ ਜਾਣ ਵਾਲੇ ਪੋਸਟਮਾਰਟਮ ਤੋਂ ਮਗਰੋਂ ਹੀ ਸਾਹਮਣੇ ਆ ਸਕਦੀ ਹੈ | ਇਸ ਬਾਰੇ ਪੁਲਿਸ ਦੇ ਪੜਤਾਲੀਆ ਅਫ਼ਸਰ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਉਨ੍ਹਾਂ ਕਿਸਾਨ ਗੁਲਾਬ ਸਿੰਘ ਦੇ ਬਿਆਨ ਲਏ ਹਨ ਅਤੇ ਇਸ ਦੀ ਪੜਤਾਲ ਕਰਨ ਮਗਰੋਂ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਲੱਕੜ ਦੇ ਗੁਦਾਮ ਨੂੰ ਲੱਗੀ ਅੱਗ ਅਗਲੀ ਖ਼ਬਰ ਸਬ-ਸਟੈਂਡਰਡ ਡੀ.ਏ.ਪੀ. ਖਾਦ ਬਣਾਉਣ ਵਾਲੀਆਂ ਦੋ ਕੰਪਨੀਆਂ ਨੂੰ ਹਾਈਕੋਰਟ ਨੇ ਤਲਬ ਕਰ ਲਿਆ-ਬਹਿਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।