ਪਟਿਆਲਾ, 23 ਅਕਤੂਬਰ (ਮਨਦੀਪ ਸਿੰਘ ਖਰੌੜ)-ਹਰ ਵਰ੍ਹੇ ਪੰਜਾਬ ਸਿਹਤ ਵਿਭਾਗ ਵਲੋਂ ਮੌਸਮੀ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਅਗਾਊਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ 'ਤੇ ਇਨ੍ਹਾਂ ਦਾਅਵਿਆਂ ਦੀ ਸਚਾਈ ਜ਼ਿਆਦਾਤਰ ਨਜ਼ਰ ਨਹੀਂ ਆਉਂਦੀ, ਜਿਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ | ਅੰਕੜਿਆਂ ਅਨੁਸਾਰ ਪੰਜਾਬ ਦੇ 22 ਜ਼ਿਲਿ੍ਹਆਂ 'ਚ 1400 ਦੇ ਕਰੀਬ ਵਿਅਕਤੀ ਡੇਂਗੂ ਦੀ ਲਪੇਟ 'ਚ ਆ ਚੁੱਕੇ ਹਨ, ਜਦਕਿ ਸਿਹਤ ਮੰਤਰੀ ਦੇ ਜ਼ਿਲੇ੍ਹ 'ਚ ਹੁਣ ਤੱਕ 426 ਵਿਅਕਤੀਆਂ ਨੂੰ ਡੇਂਗੂ ਹੋ ਚੁੱਕਾ ਹੈ | ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਜ਼ਿਲੇ੍ਹ 'ਚ ਡੇਂਗੂ ਮੁਹਿੰਮ ਦੀ ਖ਼ੁਦ ਅਗਵਾਈ ਕਰ ਰਹੇ ਹਨ | ਇਸ ਦੇ ਬਾਵਜੂਦ ਵੀ ਜ਼ਿਲੇ੍ਹ ਦੇ ਦਿਹਾਤੀ ਇਲਾਕਿਆਂ 'ਚ ਡੇਂਗੂ ਪੀੜਤਾਂ ਦੀ ਗਿਣਤੀ ਸ਼ਹਿਰੀ ਖੇਤਰ ਨਾਲ ਦੁੱਗਣੀ ਹੈ | ਡੇਂਗੂ ਦੇ ਕੇਸ ਵਧਣ ਸੰਬੰਧੀ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਮੌਸਮ 'ਚ ਤਬਦੀਲੀ ਆਉਣ ਕਾਰਨ ਡੇਂਗੂ ਫੈਲਾਉਣ ਵਾਲਾ ਮੱਛਰ ਵਧਦਾ ਹੈ | ਸੂਬੇ ਦੇ ਲੋਕਾਂ ਨੂੰ ਡੇਂਗੂ ਦੇ ਬੁਖ਼ਾਰ ਸੰਬੰਧੀ ਜਾਗਰੂਕ ਕਰਕੇ ਹੀ ਇਸ ਤੋਂ ਬਚਿਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਹੋਣ ਦਾ ਸ਼ੱਕ ਹੁੰਦਾ ਹੈ ਤਾਂ ਉਹ ਤੁਰੰਤ ਆਪਣਾ ਸਰਕਾਰੀ ਹਸਪਤਾਲ 'ਚ ਨਿਰੀਖਣ ਕਰਵਾਉਣ | ਇਸ ਸੰਬੰਧੀ ਸੰਪਰਕ ਕਰਨ 'ਤੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਡੇਂਗੂ ਦੇ ਕੇਸ ਦਿਹਾਤੀ ਖੇਤਰ 'ਚ ਪਾਏ ਗਏ ਹਨ | ਇਨ੍ਹਾਂ ਇਲਾਕਿਆਂ 'ਚ ਸਿਹਤ ਵਿਭਾਗ ਵਲੋਂ ਘਰੋ-ਘਰੀ ਨਿਗਰਾਨੀ ਨੂੰ ਵਧਾਇਆ ਜਾ ਰਿਹਾ ਹੈ ਅਤੇ ਨਗਰ ਨਿਗਮ ਅਤੇ ਪੁੱਡਾ ਦੇ ਅਧੀਨ ਆਉਂਦੇ ਇਲਾਕਿਆਂ ਵਿਚ ਫੌਗਿੰਗ ਕਰਵਾਉਣ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ 10 ਹਜ਼ਾਰ ਥਾਵਾਂ ਤੋਂ ਵੱਧ ਡੇਂਗੂ ਦਾ ਲਾਰਵਾ ਸਿਹਤ ਵਿਭਾਗ ਦੀਆਂ ਟੀਮਾਂ ਨਸ਼ਟ ਕਰ ਚੁੱਕੀਆਂ ਹਨ | ਇਸ ਤੋਂ ਇਲਾਵਾ 9 ਲੱਖ ਤੋਂ ਵੱਧ ਘਰਾਂ 'ਚ ਪਹੰੁਚ ਕੇ ਟੀਮਾਂ ਨੇ ਮੱਛਰ ਦਾ ਲਾਰਵਾ ਚੈੱਕ ਕੀਤਾ ਹੈ | ਪਟਿਆਲਾ ਜ਼ਿਲ੍ਹੇ 'ਚ ਡੇਂਗੂ ਦਾ ਕਹਿਰ ਜਾਰੀ ਹੋਣ ਦੇ ਬਾਵਜੂਦ ਵੀ ਪਿੰਡਾਂ ਤੇ ਸ਼ਹਿਰਾਂ 'ਚ ਡੇਂਗੂ ਰੋਕਣ ਲਈ ਕੰਮ ਕਰਨ ਵਾਲੇ 25 ਦੇ ਕਰੀਬ ਸਿਹਤ ਵਿਭਾਗ ਦੀ ਮੁਲਾਜ਼ਮਾਂ ਦੀਆਂ ਡਿਊਟੀਆਂ ਖੇਤਾਂ 'ਚ ਅੱਗ ਨੂੰ ਰੋਕਣ ਲਈ ਲਗਾਉਣ ਸੰਬੰਧੀ ਸੂਤਰਾਂ ਨੇ ਦੱਸਿਆ ਹੈ | ਹੁਣ ਡੇਂਗੂ ਰੋਕਥਾਮ ਨੂੰ ਛੱਡ ਸਿਹਤ ਵਿਭਾਗ ਦੇ ਕਾਮੇ ਖੇਤਾਂ 'ਚ ਨਿਗਰਾਨੀ ਕਰਨਗੇ ਕਿ ਕੋਈ ਕਿਸਾਨ ਪਰਾਲੀ ਨੂੰ ਅੱਗ ਤਾਂ ਨਹੀਂ ਲਗਾ ਰਿਹਾ | ਇਸ ਸੰਬੰਧੀ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਕੁਝ ਵੀ ਕਹਿਣ ਤੋਂ ਇਨਕਾਰ ਦਿੱਤਾ | ਇਸ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲੇ੍ਹ ਦੀਆਂ ਸਿਹਤ ਵਿਭਾਗ ਦੀਆਂ ਟੀਮਾਂ ਦੇ ਨਿਰੰਤਰ ਕੰਮ ਕਰਨ ਕਾਰਨ ਡੇਂਗੂ ਦੇ ਕੇਸ ਇੱਥੇ ਲੱਭੇ ਜਾ ਰਹੇ ਹਨ, ਜਿੱਥੇ ਜ਼ਿਆਦਾ ਟੈਸਟਿੰਗ ਹੋਵੇਗੀ, ਉੱਥੇ ਨਤੀਜੇ ਵੀ ਬਿਹਤਰ ਹੋਣਗੇ | ਪੰਜਾਬ ਦੇ ਦੂਜੇ ਜ਼ਿਲਿ੍ਹਆਂ 'ਚ ਡੇਂਗੂੰ ਦੀ ਰੋਕਥਾਮ ਲਈ ਸਿਹਤ ਵਿਭਾਗ ਕੰਮ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਡੇਂਗੂ ਦੇ ਇਲਾਜ ਲਈ ਸੂਬਾ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ 'ਚ ਪੁਖ਼ਤਾ ਪ੍ਰਬੰਧ ਹਨ, ਇਸ ਕਰਕੇ ਡੇਂਗੂ ਤੋਂ ਡਰਨ ਦੀ ਲੋੜ ਨਹੀਂ, ਸਗੋਂ ਸਮੇਂ ਸਿਰ ਇਲਾਜ ਕਰਵਾਉਣ ਦੀ ਜ਼ਰੂਰਤ ਹੈ |