ਬਹਾਦਰਗੜ੍ਹ, 23 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਅਤੇ ਚੇਅਰਮੈਨ ਪੀ.ਆਰ. ਟੀ.ਸੀ. ਰਣਜੋਧ ਸਿੰਘ ਹਡਾਣਾ ਵਲੋਂ ਅੱਜ ਪਿੰਡਾਂ ਧਰੇੜੀ ਜੱਟਾ, ਚਮਾਰਹੇੜੀ, ਦੌਣ ਕਲਾਂ ਅਤੇ ਸ਼ੰਕਰਪੁਰ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ਦੇ ਨਵਿਆਉਣ ਅਤੇ ਵਿਸ਼ੇਸ਼ ਮੁਰੰਮਤ ਦੇ ਕੰਮ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ | ਚੇਅਰਮੈਨ ਹਡਾਣਾ ਨੇ ਦੱਸਿਆ ਕਿ ਚਾਰ ਪਿੰਡਾਂ ਦੀਆ 7.02 ਕਿੱਲੋਮੀਟਰ ਦੇ ਕਰੀਬ ਅਤੇ 2 ਕਰੋੜ ਤੋਂ ਵੱਧ ਰਕਮ ਨਾਲ ਬਣਨ ਵਾਲੀਆਂ ਇਹ ਸੜਕਾਂ ਪਿੰਡਾਂ ਦੀ ਨੁਹਾਰ ਬਦਲਣ ਵਿੱਚ ਮੋਹਰੀ ਰਹਿਣਗੀਆਂ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਮੰਗ ਮੁਤਾਬਿਕ ਸੜਕਾਂ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਸੀ, ਜਿਸ ਕਾਰਨ ਆਵਾਜਾਈ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ |ਚੇਅਰਮੈਨ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸੜਕਾਂ ਦੀ ਗੁਣਵੱਤਾ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਮੇਂ ਸਿਰ ਕੰਮ ਮੁਕੰਮਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਵੀਆਂ ਸੜਕਾਂ ਬਣਨ ਨਾਲ ਨਾ ਸਿਰਫ਼ ਆਵਾਜਾਈ ਸੁਖਾਲੀ ਹੋਵੇਗੀ, ਸਗੋਂ ਇਨ੍ਹਾਂ ਖੇਤਰਾਂ ਦੇ ਵਪਾਰ ਅਤੇ ਸਮਾਜਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ | ਪਿੰਡਾਂ ਦੇ ਨੁਮਾਇੰਦਿਆਂ ਨੇ ਸਰਕਾਰ ਅਤੇ ਚੇਅਰਮੈਨ ਦਾ ਧੰਨਵਾਦ ਕੀਤਾ ਅਤੇ ਇਸ ਕਦਮ ਨੂੰ ਇਲਾਕੇ ਦੀ ਖੁਸ਼ਹਾਲੀ ਲਈ ਇੱਕ ਅਹਿਮ ਪਹਿਲ ਦੱਸਿਆ | ਇਸ ਮੌਕੇ ਪ੍ਰਦੀਪ ਜੋਸ਼ਨ ਪ੍ਰਧਾਨ ਨਗਰ ਕੌਸਲ ਸਨੌਰ, ਹਰਪ੍ਰੀਤ ਸਿੰਘ ਘੁੰਮਣ ਬਲਾਕ ਪ੍ਰਧਾਨ ਸਨੌਰ, ਸੁਰਿੰਦਰ ਸਿੰਘ ਬਲਾਕ ਪ੍ਰਧਾਨ, ਗੁਰਜੀਤ ਸਿੰਘ ਬਲਾਕ ਪ੍ਰਧਾਨ, ਜਗਜੀਤ ਸਿੰਘ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਸਰਪੰਚ ਧਰੇੜੀ ਜੱਟਾ, ਮਨਦੀਪ ਸਿੰਘ ਸਰਪੰਚ ਦੌਲਕਲਾਂ, ਬੰਟੀ ਸਰਪੰਚ ਮੁਰਾਦਪੁਰ, ਪ੍ਰਭਜੋਤ ਸਿੰਘ ਸਰਪੰਚ ਗੌਸਪੁਰ, ਪਲਵਿੰਦਰ ਸਿੰਘ ਸਰਪੰਚ ਕੌਲੀ,ਬਲਿਹਾਰ ਸਿੰਘ, ਹਰਜੀਤ ਸਿੰਘ, ਜਗਦੇਵ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ, ਲੱਕੀ ਅਨਹਦ, ਚਰਨਜੀਤ ਸਿੰਘ ਮੁਹੱਬਤਪੁਰ, ਸਤਨਾਮ ਸਿੰਘ ਅਬਦੁਲਪੁਰ ਆਦਿ ਮੌਜੂਦ ਸਨ |