23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਿਹਤ ਮੰਤਰੀ 'ਤੇ ਲਗਾਏ ਛੇੜਛਾੜ ਦੋਸ਼ਾਂ ਦੀ ਸੁਣਵਾਈ ਹੋਵੇਗੀ ਸੈਸ਼ਨ ਕੋਰਟ 'ਚ

ਅਜੀਤ ਡੈਸਕ 24-10-2025
ਪਟਿਆਲਾ, 23 ਅਕਤੂਬਰ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ 'ਚੋਂ ਮੁਅੱਤਲ ਕੀਤੀ ਆਗੂ ਸ਼ਵੇਤਾ ਜਿੰਦਲ ਵਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਮੇਤ 6 ਵਿਅਕਤੀਆਂ 'ਤੇ ਲਗਾਏ ਛੇੜਛਾੜ ਦੇ ਦੋਸ਼ਾਂ ਦੀ ਸੁਣਵਾਈ ਹੇਠਲੀ ਅਦਾਲਤ ਵਲੋਂ ਪਟਿਆਲਾ ਦੀ ਸੈਸ਼ਨ ਕੋਰਟ 'ਚ ਭੇਜ ਦਿਤੀ ਗਈ ਹੈ | ਇਸ ਸੰਬੰਧੀ ਆਗੂ ਜਿੰਦਲ ਦੇ ਵਕੀਲ ਨਵਦੀਪ ਕੁਮਾਰ ਵਰਮਾ ਨੇ ਦਸਿਆ ਕਿ ਕੱਲ੍ਹ 24 ਅਕਤੂਬਰ ਨੂੰ ਮਾਨਯੋਗ ਅਦਾਲਤ ਇਸ ਕੇਸ 'ਤੇ ਸੁਣਵਾਈ ਕਰੇਗੀ ਅਤੇ ਕੱਲ੍ਹ ਸਿਹਤ ਮੰਤਰੀ ਸਮੇਤ ਸਾਰੇ ਵਿਅਕਤੀਆਂ ਨੂੰ ਜਾਰੀ ਕੀਤੇ ਨੋਟਿਸ ਦਾ ਅਦਾਲਤ 'ਚ ਖੁਦ ਹਾਜ਼ਰ ਹੋ ਕੇ ਜਾਂ ਆਪਣੇ ਵਕੀਲਾਂ ਰਾਹੀਂ ਜਵਾਬ ਦਾਇਰ ਕਰਨਗੇ | ਵਕੀਲ ਵਰਮਾ ਨੇ ਦਸਿਆ ਕਿ ਇਸ ਕੇਸ ਦੀ ਸੁਣਵਾਈ ਅੱਜ ਅਦਾਲਤ ਵਲੋਂ ਕੀਤੀ ਜਾਣੀ ਸੀ ਪਰ ਉਨ੍ਹਾਂ ਵਲੋਂ ਅੱਜ ਕੇਸ ਪਟਿਆਲਾ ਦੀ ਸੈਸ਼ਨ ਕੋਰਟ ਨੂੰ ਭੇਜ ਦਿਤਾ ਗਿਆ ਹੈ | ਇਸ ਸੰਬੰਧੀ ਅਗਲੇਰੀ ਕਾਰਵਾਈ ਸੈਸ਼ਨ ਕੋਰਟ ਵਲੋਂ ਹੀ ਅਮਲ 'ਚ ਲਿਆਂਦੀ ਜਾਵੇਗੀ | ਦਸਣਯੋਗ ਹੈ ਕਿ ਬੀਤੀ 25 ਸਤੰਬਰ ਨੂੰ ਪਾਰਟੀ ਤੋਂ ਮੁਅੱਤਲ ਕੀਤੀ ਪਟਿਆਲਾ ਹਲਕਾ ਦਿਹਾਤੀ ਦੀ ਆਮ ਆਦਮੀ ਪਾਰਟੀ ਦੀ ਆਗੂ ਸ਼ਵੇਤਾ ਜਿੰਦਲ ਨੇ ਸਿਹਤ ਮੰਤਰੀ ਸਮੇਤ 6 ਵਿਅਕਤੀਆਂ ਨੂੰ ਅਦਾਲਤ ਰਾਹੀਂ ਉਸ ਨਾਲ ਛੇੜਛਾੜ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ 'ਚ ਨੋਟਿਸ ਭੇਜਿਆ ਸੀ | ਇਸ ਸੰਬੰਧੀ ਸ੍ਰੀਮਤੀ ਜਿੰਦਲ ਦੇ ਵਕੀਲ ਨਵਦੀਪ ਕੁਮਾਰ ਵਰਮਾ ਨੇ ਦਸਿਆ ਸੀ ਕਿ ਉਨ੍ਹਾਂ ਦੀ ਮੁਵੱਕਲ ਨੇ ਮਾਨਯੋਗ ਅਦਾਲਤ 'ਚ ਅਰਜ਼ੀ ਦਾਇਰ ਕਰ ਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਉਨ੍ਹਾਂ ਦੇ ਪੁੱਤਰ ਰਾਹੁਲ ਸੈਣੀ, ਉਨ੍ਹਾਂ ਦੇ ਪੀ.ਏ. ਜਸਬੀਰ ਗਾਂਧੀ, ਕੌਂਸਲਰ ਗੁਰਕ੍ਰਿਪਾਲ ਸਿੰਘ, ਆਮ ਆਦਮੀ ਪਾਰਟੀ ਦੇ ਸਟੇਟ ਸਕੱਤਰ ਅਤੇ ਗੁਰਪ੍ਰੀਤ ਸਿੰਘ ਉੱਤੇ ਉਸ ਨਾਲ ਛੇੜਛਾੜ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਸੀ | ਡਾ. ਬਲਬੀਰ ਸਿੰਘ ਦੇ ਪਟਿਆਲਾ ਦਿਹਾਤੀ ਹਲਕੇ 'ਚ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਸਰਗਰਮੀ ਨਾਲ ਕੰਮ ਕਰ ਰਹੀ ਮਹਿਲਾ ਆਗੂ ਸ਼ਵੇਤਾ ਜਿੰਦਲ ਨੂੰ ਪਾਰਟੀ ਦੇ ਸਿਧਾਂਤਾਂ ਦੇ ਉਲਟ ਚੱਲਣ ਕਰ ਕੇ ਪਾਰਟੀ 'ਚੋਂ 25 ਸਤੰਬਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ | ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਸਟੇਟ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵਲੋਂ ਜਾਰੀ ਕੀਤੀ ਗਈ ਮੁਅੱਤਲ ਚਿੱਠੀ 'ਚ ਲਿਖਿਆ ਗਿਆ ਸੀ ਕਿ ਸ਼ਵੇਤਾ ਜਿੰਦਲ ਵਲੋਂ ਪਾਰਟੀ ਦੇ ਅਹੁਦੇ ਦੀ ਦੁਰਵਰਤੋਂ ਕਰ ਕੇ ਇਕ ਦੁਕਾਨਦਾਰ ਨੂੰ ਧਮਕਾਇਆ ਗਿਆ ਸੀ | ਮਹਿਲਾ ਆਗੂ ਵਲੋਂ ਆਪਣੇ ਪ੍ਰਭਾਵ ਦੀ ਵਰਤੋਂ ਕਰ ਕੇ ਸਥਾਨਕ ਪੁਲਿਸ ਨੂੰ ਦੁਕਾਨਦਾਰ ਖ਼ਿਲਾਫ਼ ਕਾਰਵਾਈ ਕਰਨ ਲਈ ਦਬਾਅ ਪਾਇਆ ਗਿਆ ਸੀ | ਇਸ ਤੋਂ ਇਲਾਵਾ ਮਹਿਲਾ ਆਗੂ ਨੇ ਸੀਨੀਅਰ ਆਗੂਆਂ ਨਾਲ ਰਾਬਤਾ ਕਰ ਕੇ ਅਫ਼ਸਰਾਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਕਿ ਪਾਰਟੀ 'ਚ ਇਹ ਸਭ ਕੁੱਝ ਕਰਨ ਦੀ ਸਖ਼ਤੀ ਨਾਲ ਮਨਾਹੀ ਹੈ | ਮੁਅੱਤਲ ਚਿੱਠੀ 'ਚ ਇਹ ਵੀ ਲਿਖਿਆ ਗਿਆ ਹੈ ਕਿ ਸ਼ਵੇਤਾ ਜਿੰਦਲ ਨੂੰ 21 ਅਗਸਤ ਨੂੰ ਵਾਪਰੇ ਮਾਮਲੇ 'ਚ ਕਾਰਨ ਦੱਸੋ ਨੋਟਿਸ ਵੀ ਭੇਜਿਆ ਗਿਆ ਸੀ ਪਰ ਉਸ ਨੇ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਪਾਰਟੀ ਵਲੋਂ ਸ਼ਵੇਤਾ ਜਿੰਦਲ ਵਲੋਂ ਪਾਰਟੀ ਦੇ ਸਿਧਾਂਤਾਂ ਦੇ ਖ਼ਿਲਾਫ਼ ਚੱਲਣ ਦੇ ਦੋਸ਼ਾਂ ਤਹਿਤ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਸੀ | ਇਸ ਮਾਮਲੇ ਦੀ ਸ਼ੁਰੂਆਤ ਸ਼ਵੇਤਾ ਜਿੰਦਲ ਦਾ ਮੋਬਾਈਲ ਖ਼ਰਾਬ ਹੋਣ ਤੋਂ ਹੋਈ ਸੀ, ਜਿਸ ਕਾਰਨ ਉਸ ਦੀ ਦੁਕਾਨਦਾਰ ਨਾਲ ਬਹਿਸ ਹੋਈ ਤੇ ਬਾਅਦ 'ਚ ਸ੍ਰੀਮਤੀ ਜਿੰਦਲ ਵਲੋਂ ਉਕਤ ਦੁਕਾਨਦਾਰ ਖ਼ਿਲਾਫ਼ ਕਾਰਵਾਈ ਨਾ ਕਰਨ ਕਰ ਕੇ ਪੁਲਿਸ ਖ਼ਿਲਾਫ਼ ਥਾਣਾ ਤਿ੍ਪੜੀ ਦੇ ਬਾਹਰ ਧਰਨਾ ਵੀ ਦਿੱਤਾ ਗਿਆ ਸੀ | ਇਸ ਮਾਮਲੇ ਤੋਂ ਬਾਅਦ ਹੀ ਪਾਰਟੀ ਨੇ ਸ਼ਵੇਤਾ ਜਿੰਦਲ 'ਤੇ ਇਹ ਕਾਰਵਾਈ ਕੀਤੀ ਸੀ | ਇਸ ਕਾਰਵਾਈ ਕਰਨ ਦੇ ਪਿੱਛੇ ਕੀ ਕਾਰਨ ਸਨ ਇਹ ਤਾਂ 'ਆਪ' ਆਗੂ ਹੀ ਦਸ ਸਕਦੇ ਹਨ | ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਉਤੇ ਲਗਾਏ ਗਏ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ |
ਪਿਛਲੀ ਖ਼ਬਰ ਸਕੂਲ 'ਚ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਵਰਕਸ਼ਾਪ ਲਗਾਈ ਅਗਲੀ ਖ਼ਬਰ ਰਣਜੋਧ ਸਿੰਘ ਹਡਾਣਾ ਨੇ ਵੱਖ-ਵੱਖ ਪਿੰਡਾਂ ਦੀਆ ਸੜਕਾਂ ਨੂੰ ਨਵਿਆਉਣ ਦੇ ਕੰਮ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।