ਘਨੌਰ, 23 ਅਕਤੂਬਰ (ਸਰਦਾਰਾ ਸਿੰਘ ਲਾਛੜੂ)-ਸਬ ਤਹਿਸੀਲ ਘਨੌਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਨਾਇਬ ਤਹਿਸੀਲਦਾਰ ਦੀ ਅਸਾਮੀ ਖਾਲੀ ਪਈ ਹੋਣ ਕਾਰਨ ਇਲਾਕੇ ਦੇ ਸੈਂਕੜੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਰੂਰੀ ਦਸਤਾਵੇਜ਼ਾਂ, ਜਿਵੇਂ ਕਿ ਮਿਊਟੇਸ਼ਨ, ਮੁਆਵਜ਼ਾ ਫਾਰਮਾਂ ਤੇ ਤਸਦੀਕਾਂ 'ਤੇ ਦਸਤਖ਼ਤ ਕਰਵਾਉਣ ਲਈ ਆਮ ਜਨਤਾ, ਖਾਸ ਕਰਕੇ ਕਿਸਾਨਾਂ ਅਤੇ ਬਜ਼ੁਰਗਾਂ ਨੂੰ ਰਾਜਪੁਰਾ ਜਾਂ ਹੋਰ ਸਬ-ਤਹਿਸੀਲਾਂ ਦੇ ਦਫ਼ਤਰਾਂ ਦੇ ਵਾਰ-ਵਾਰ ਚੱਕਰ ਲਾਉਣੇ ਪੈਂਦੇ ਹਨ, ਜਿਸ ਨਾਲ ਸਮੇਂ ਤੇ ਪੈਸੇ ਦੀ ਬਰਬਾਦੀ ਹੁੰਦੀ ਹੈ | ਜੇਕਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦਾ ਆਪਣਾ ਮਾਲੀਆ ਘੱਟ ਨਾ ਹੋ ਜਾਵੇ ਉਸ ਲਈ ਰਜਿਸਟਰੀਆਂ ਦਾ ਕੰਮ ਸਬ ਰਜਿਸਟਰਾਂ ਨਾਲ ਨੂੰ ਵੰਡ ਦਿੱਤਾ ਗਿਆ ਹੈ, ਪਰ ਜੋ ਜ਼ਰੂਰੀ ਕਾਗਜਾਂ ਦੇ ਉੱਪਰ ਨਾਇਬ ਤਹਿਸੀਲਦਾਰ ਦੇ ਜਾਂ ਫਿਰ ਕਿਸੇ ਹੋਰ ਅਧਿਕਾਰੀ ਦੇ ਦਸਖਤ ਕਰਵਾਣੇ ਹੋਣ ਤਾਂ ਉਨ੍ਹਾਂ ਦੇ ਲਈ ਰਾਜਪੁਰਾ ਤਹਿਸੀਲ ਦੇ ਵਿਚ ਜਾਣਾ ਪੈਂਦਾ ਹੈ | ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ ਅਤੇ ਸਰਦਾਰਾ ਸਿੰਘ ਘੁੰਗਰਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਅਸਾਮੀ ਖਾਲੀ ਹੋਣ ਕਾਰਨ ਕਿਸਾਨਾਂ ਨੂੰ ਖਾਸ ਤੌਰ 'ਤੇ ਜ਼ਮੀਨੀ ਕਾਗਜ਼ਾਂ ਦੇ ਕੰਮਾਂ ਵਿਚ ਬਹੁਤ ਮੁਸ਼ਕਲ ਆ ਰਹੀ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਹੂਲਤ ਲਈ ਘਨੌਰ ਸਬ ਤਹਿਸੀਲ ਵਿਚ ਤੁਰੰਤ ਨਾਇਬ ਤਹਿਸੀਲਦਾਰ ਦੀ ਤਾਇਨਾਤੀ ਕੀਤੀ ਜਾਵੇ | ਇਸ ਸੰਬੰਧੀ ਗੱਲਬਾਤ ਕਰਦਿਆਂ ਐੱਸ. ਡੀ. ਐੱਮ. ਅਵਿਕੇਸ ਗੁਪਤਾ ਨੇ ਕਿਹਾ ਕਿ ਅਸਾਮੀ ਇਸ ਵੇਲੇ ਖਾਲੀ ਹੈ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਰਾਜਪੁਰਾ ਦੇ ਤਹਿਸੀਲਦਾਰ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਦੇ ਜ਼ਰੂਰੀ ਕੰਮ ਨਾ ਰੁਕਣ | ਐੱਸ. ਡੀ. ਐੱਮ. ਨੇ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਘਨੌਰ ਵਿਚ ਨਵਾਂ ਨਾਇਬ ਤਹਿਸੀਲਦਾਰ ਤਾਇਨਾਤ ਕਰ ਦਿੱਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸਰਕਾਰੀ ਕੰਮ ਸੁਚਾਰੂ ਢੰਗ ਨਾਲ ਹੋ ਸਕਣਗੇ¢