ਨਾਭਾ, 23 ਅਕਤੂਬਰ (ਜਗਨਾਰ ਸਿੰਘ ਦੁਲੱਦੀ, ਕਰਮਜੀਤ ਸਿੰਘ)-ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਜਾਗਿ੍ਤੀ ਨਗਰ ਕੀਰਤਨ ਯਾਤਰਾ ਸ਼ੁਰੂ ਕੀਤੀ ਗਈ | ਜਾਗ੍ਰਤੀ ਯਾਤਰਾ ਦਾ ਨਾਭਾ ਪਹੁੰਚਣ 'ਤੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਸਵਾਗਤ ਕੀਤਾ ਗਿਆ ਅਤੇ ਜਾਗਿ੍ਤੀ ਯਾਤਰਾ ਦਾ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਹਲਕਾ ਨਾਭਾ ਦੀਆਂ ਸੰਗਤਾਂ ਵਲੋਂ ਮਹਾਨ ਜਾਗਿ੍ਤੀ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ | ਜਾਗ੍ਰਤੀ ਯਾਤਰਾ ਦਾ ਸਵਾਗਤ ਕਰਨ ਉਪਰੰਤ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਗਤਾਂ ਵੱਲੋਂ ਪਾਲਕੀ ਸਾਹਿਬ ਵਿਚ ਪੂਰਾਤਨ ਸ਼ਾਸਤਰਾਂ ਦੇ ਦਰਸ਼ਨ ਕੀਤੇ ਗਏ | ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਸ਼ਰਧਾਲੂਆਂ ਨੇ ਕਿਹਾ ਕਿ ਅੱਜ ਨਾਭਾ ਦੀ ਧਰਤੀ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੁਰਾਤਨ ਸ਼ਸਤਰਾਂ ਦੇ ਦਰਸ਼ਨ ਕਰਨ ਦਾ ਸੰਗਤਾ ਨੂੰ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਕਰਕੇ ਅਸੀਂ ਬਹੁਤ ਹੀ ਭਾਗਾਂ ਵਾਲੇ ਹਾਂ | ਉਹਨਾਂ ਕਿਹਾ ਕਿ ਇਹ ਜਾਗਿ੍ਤੀ ਯਾਤਰਾ ਦੇਸ਼ ਦੇ 9 ਸੂਬਿਆਂ ਬਿਹਾਰ, ਝਾਰਖੰਡ, ਉੜੀਸਾ, ਬੰਗਾਲ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਉੱਤਰਾਖੰਡ ਤੋਂ ਸ਼ੁਰੂ ਹੁੰਦੀ ਹੋਈ ਅੱਜ ਨਾਭਾ ਵਿਚ ਪਹੁੰਚੀ ਹੈ | ਇਹ ਯਾਤਰਾ ਪੰਜਾਬ ਪਹੁੰਚ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੂਰਨ ਹੋਵੇਗੀ | ਇਸ ਮੌਕੇ ਵਿਧਾਇਕ ਦੇਵ ਮਾਨ ਵਲੋਂ ਵਿਸ਼ੇਸ਼ ਤੌਰ 'ਤੇ ਹੈਲੀਕਾਪਟਰ ਰਾਹੀਂ ਜਾਗ੍ਰਤੀ ਯਾਤਰਾ ਉਪਰ ਫੁੱਲਾਂ ਦੀ ਵਰਖਾ ਕਰਵਾਈ ਗਈ | ਇਸ ਮੌਕੇ 'ਤੇ ਸ਼੍ਰੀ ਪਟਨਾ ਸਾਹਿਬ ਕਮੇਟੀ ਦੇ ਸੰਚਾਲਕ ਮਾਲਵਿੰਦਰ ਸਿੰਘ ਬੈਨੀਪਾਲ, ਸਮਾਜ਼ ਸੇਵੀ ਦੀਪਕ ਨਾਗਪਾਲ, ਹਿਸਟੋਰੀਅਨ ਸਿਮਰ ਸਿੰਘ, ਤੇਜਿੰਦਰ ਸਿੰਘ ਖਹਿਰਾ, ਮਨਪ੍ਰੀਤ ਸਿੰਘ ਧਾਰੋਕੀ, ਹਰਮੀਕ ਸਿੰਘ ਬਾਜਵਾ, ਕੌਂਸਲਰ ਹਰਪ੍ਰੀਤ ਸਿੰਘ ਪ੍ਰੀਤ, ਗੁਲਾਬ ਮਾਨ, ਰੁਪਿੰਦਰ ਸਿੰਘ ਜਾਤੀਵਾਲ, ਕਪਿਲ ਮਾਨ, ਸੁਖਦੇਵ ਮਾਨ, ਜਸਵੀਰ ਸਿੰਘ ਵਜੀਦਪੁਰ, ਅਮਨਦੀਪ ਸਿੰਘ ਕੋਟ ਕਲਾਂ, ਭੁਪਿੰਦਰ ਸਿੰਘ ਕੱਲਰ ਮਾਜਰੀ, ਗੁਰਚਰਨ ਸਿੰਘ ਲੁਹਾਰ ਮਾਜਰਾ ਆਦਿ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ |