ਪਟਿਆਲਾ, 23 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਵਿਸ਼ਵਕਰਮਾ ਦਿਵਸ ਦੇ ਪਵਿੱਤਰ ਮੌਕੇ 'ਤੇ ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਥਿਤ ਵਿਸ਼ਵਕਰਮਾ ਮੰਦਰਾਂ ਵਿਚ ਨਤਸਤਮਕ ਹੋ ਕੇ ਸ਼ਹਿਰ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ | ਮੇਅਰ ਗੋਗੀਆ ਨੇ ਰਾਜਪੁਰਾ ਰੋਡ, ਲਾਹੌਰੀ ਗੇਟ ਅਤੇ ਸਰਹੰਦੀ ਗੇਟ ਵਿਖੇ ਸਥਿਤ ਵਿਸ਼ਵਕਰਮਾ ਮੰਦਰਾਂ ਵਿਚ ਦਰਸ਼ਨ ਕਰਨ ਪੁੱਜੇ | ਇਸ ਮੌਕੇ ਕੁੰਦਨ ਗੋਗੀਆ ਨੇ ਕਿਹਾ ਕਿ ਵਿਸ਼ਵਕਰਮਾ ਜੀ ਸਿਰਜਣਹਾਰ ਤੇ ਮਿਹਨਤ ਦੇ ਪ੍ਰਤੀਕ ਹਨ | ਉਨ੍ਹਾਂ ਦੇ ਆਦਰਸ਼ ਸਾਨੂੰ ਸਮਾਜ ਅਤੇ ਸ਼ਹਿਰ ਦੀ ਭਲਾਈ ਲਈ ਨਿਰੰਤਰ ਕੰਮ ਕਰਨ ਦੀ ਪ੍ਰੇਰਣਾ ਦਿੰਦੇ ਹਨ | ਪਟਿਆਲਾ ਸ਼ਹਿਰ ਦੇ ਵਿਕਾਸ ਅਤੇ ਸਫਾਈ ਪ੍ਰਣਾਲੀ ਨੂੰ ਹੋਰ ਸੁਧਾਰਨ ਲਈ ਨਗਰ ਨਿਗਮ ਵਲੋਂ ਕਈ ਨਵੇਂ ਕਦਮ ਚੁੱਕੇ ਜਾ ਰਹੇ ਹਨ | ਮੇਅਰ ਨੇ ਸ਼ਹਿਰਵਾਸੀਆਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸ਼ਹਿਰ ਦੇ ਹਰ ਹਿੱਸੇ ਵਿਚ ਸਮਾਨ ਵਿਕਾਸ ਉਨ੍ਹਾਂ ਦੀ ਪਹਿਲ ਹੈ ਅਤੇ ਉਹ ਇਸ ਦਿਸ਼ਾ ਵਿੱਚ ਪੂਰੇ ਦਿਲ ਨਾਲ ਜੁਟੇ ਹੋਏ ਹਨ | ਇਸ ਮੌਕੇ ਐੱਮ.ਸੀ. ਮਨਦੀਪ ਵਿਰਦੀ, ਬਲਾਕ ਪ੍ਰਧਾਨ ਕਿ੍ਸ਼ਨ ਕੁਮਾਰ, ਬਲਾਕ ਪ੍ਰਧਾਨ ਸੁਸ਼ੀਲ ਮਿਡਾ, ਮੇਅਰ ਸੈਕਟਰੀ ਰਜਿੰਦਰ ਮੋਹਨ, ਲੱਕੀ ਲਹਿਲ ਅਤੇ ਸਰਬਦੀਪ ਸਿੰਘ ਵੀ ਮੌਜੂਦ ਸਨ | ਉਪਰੋਕਤ ਸਾਰਿਆਂ ਨੇ ਵੀ ਮੰਦਰਾਂ ਵਿਚ ਅਰਦਾਸ ਕਰਕੇ ਸ਼ਹਿਰ ਦੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ |