ਨਾਭਾ, 23 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿ. ਨਾਭਾ ਵਲੋਂ ਐਨ.ਆਰ.ਆਈ. ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਦੋ ਦਿਨਾਂ 7ਵਾਂ ਨਾਭਾ ਕਬੱਡੀ ਕੱਪ 15 ਅਤੇ 16 ਨਵੰਬਰ, 2025 ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਸਥਾਨਕ ਸਰਕਾਰੀ ਰਿਪੁਦਮਨ ਕਾਲਜ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਕਬੱਡੀ ਕੱਪ ਦੇ ਪਹਿਲੇ ਦਿਨ 15 ਨਵੰਬਰ ਨੂੰ 45, 55 ਅਤੇ 65 ਕਿਲੋ ਵਜ਼ਨ ਦੀਆਂ ਟੀਮਾਂ ਵਿਚਕਾਰ ਮੈਚ ਖੇਡੇ ਜਾਣਗੇ ਜਦੋਂ ਕਿ 16 ਨਵੰਬਰ ਨੂੰ ਅਖੀਰਲੇ ਦਿਨ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਕਬੱਡੀ 75 ਕਿਲੋ ਦੀਆਂ ਟੀਮਾਂ ਦੇ ਮੈਚ ਖੇਡੇ ਜਾਣਗੇ ਅਤੇ ਇਸ ਉਪਰੰਤ ਕਬੱਡੀ ਆਲ ਓਪਨ ਦੀਆਂ ਸੱਦੇ ਵਾਲੀਆ 8 ਕਲੱਬਾਂ ਦੀਆਂ ਟੀਮਾਂ ਦੇ ਫਸਵੇਂ ਮੁਕਾਬਲੇ ਹੋਣਗੇ | ਉਨ੍ਹਾਂ ਕਿਹਾ ਕਿ ਮੈਚਾਂ ਵਿੱਚ ਜੇਤੂ ਟੀਮ ਨੂੰ 1 ਲੱਖ ਰੁਪਏ ਅਤੇ ਦੂਜੇ ਸਥਾਨ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਬੈਸਟ ਰੇਡਰ ਤੇ ਜਾਫੀ ਦਾ 21000-21000 ਹਜਾਰ ਰੁਪਏ ਨਗਦ ਨਾਲ ਸਨਮਾਨਤ ਕੀਤਾ ਜਾਵੇਗਾ | ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਇਸ ਮੌਕੇ ਇਨਾਮਾਂ ਦੀ ਵੰਡ ਉਪਰੰਤ ਨਾਮੀਂ ਗਾਇਕ ਆਰ ਨੇਤ, ਹਰਜੀਤ ਹਰਮਨ, ਸੱਭਾ, ਜੈਲੀ ਤੇ ਗਾਇਕਾ ਅੰਮਿ੍ਤਾ ਢਿੱਲੋਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ |