ਗਿੱਦੜਬਾਹਾ, 19 ਜੂਨ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ 'ਚ ਮੱਕੜਾਂ ਵਾਲੀ ਗਲੀ ਵਿਚ ਸੀਵਰੇਜ ਦੇ ਗੰਦੇ ਪਾਣੀ ਭਰ ਜਾਣ ਨਾਲ ਮੁਹੱਲਾ ਵਾਸੀਆਂ ਚ ਪ੍ਰੇਸ਼ਾਨੀ ਪਾਈ ਜਾ ਰਹੀ ਹੈ | ਲੰਮੇ ਸਮੇਂ ਤੋਂ ਸੀਵਰੇਜ਼ ਦੇ ਓਵਰਫ਼ਲੋ ਹੋ ਰਹੇ ਪਾਣੀ ਦਾ ਹੱਲ ਨਾ ਹੋਣ ਕਰਕੇ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਚਿੰਨ ਲੱਗ ਰਹੇ ਹਨ | ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਗਿੱਦੜਬਾਹਾ ਸ਼ਹਿਰ ਤੇ ਪਿੰਡ ਵਾਸੀ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ | ਸੀਵਰੇਜ਼ ਦਾ ਗੰਦਾ ਪਾਣੀ ਓਵਰਫ਼ਲੋ ਕੇ ਅਕਸਰ ਹੀ ਕਿਸੇ ਨਾ ਕਿਸੇ ਮੁਹੱਲੇ ਦੀਆਂ ਗਲੀਆਂ ਵਿਚ ਭਰਿਆ ਦੇਖਿਆ ਜਾ ਸਕਦਾ ਹੈ | ਕਈ ਦਿਨਾਂ ਤੋਂ ਸ਼ਹਿਰ ਵਿਚ ਸੀਵਰੇਜ਼ ਦਾ ਪਾਣੀ ਓਵਰਫ਼ਲੋ ਤਾਂ ਨਹੀਂ ਹੋ ਰਿਹਾ, ਪ੍ਰੰਤੂ ਮੱਕੜਾਂ ਵਾਲੀ ਗਲੀ ਦੇ ਗੰਦੇ ਪਾਣੀ ਦਾ ਮਾਮਲਾ ਅਜੇ ਜਿਉਂ ਦੀ ਤਿਉਂ ਹੀ ਹੈ | ਮਹਿੰਦਰ ਸਿੰਘ ਕਾਂਤੀ ਪ੍ਰਸ਼ਾਦ, ਰਮੇਸ਼ ਕੁਮਾਰ, ਮਾਂਸ਼ੂ, ਵਿਵੇਕ ਕੁਮਾਰ, ਮੁਕੇਸ਼ ਕੁਮਾਰ, ਮੁੰਨੀ ਦੇਵੀ ਅਤੇ ਨੀਤੂੁੁ ਬਾਲਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੁਹੱਲਾ ਵਾਸੀ ਤਾਂ ਸਮਝਦੇ ਹਨ ਕਿ ਉਹ ਸ਼ਹਿਰ ਗਿੱਦੜਬਾਹ ਦੇ ਵਾਸੀ ਨਹੀਂ ਹਨ, ਕਿਉਂਕਿ ਜਦੋਂ ਸਾਰੇ ਸ਼ਹਿਰ ਵਿਚ ਸੀਵਰੇਜ਼ ਦਾ ਪਾਣੀ ਸੁੱਕਿਆ ਹੁੰਦਾ ਹੈ ਤਾਂ ਉਨ੍ਹਾਂ ਦੇ ਮੁਹੱਲੇ ਦੀ ਗਲੀ ਸੀਵਰੇਜ਼ ਦੇ ਗੰਦੇ ਪਾਣੀ ਨਾਲ ਭਰੀ ਹੁੰਦੀ ਹੈ | ਬਦਬੂ ਵਿਚ ਜਿਊਣਾ ਦੁੱਭਰ ਹੋ ਗਿਆ ਹੈ | ਗਰਮੀ ਦੇ ਦਿਨਾਂ ਵਿਚ ਭਿਆਨਕ ਬਿਮਾਰੀਆਂ ਫ਼ੈਲਣ ਦਾ ਡਰ ਹੈ | ਬਾਰਿਸ਼ਾਂ ਦੇ ਦਿਨ ਚੱਲ ਰਹੇ ਹਨ | ਜੇਕਰ ਭਰਵੀਂ ਬਾਰਿਸ਼ ਪੈ ਜਾਂਦੀ ਹੈ ਤਾਂ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿਚ ਦਾਖ਼ਲ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵਾਰ-ਵਾਰ ਧਿਆਨ ਵਿਚ ਲਿਆਉਣ 'ਤੇ ਕੋਈ ਸੁਣਵਾਈ ਨਹੀਂ ਹੰੁਦੀ | ਉਨ੍ਹਾਂ ਦੱਸਿਆ ਕਿ ਜਦੋਂ ਤੱਕ ਮੁੱਖ ਹੋਲ ਦੀ ਸਫ਼ਾਈ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਦੇ ਮੁਹੱਲੇ ਦਾ ਹੱਲ ਨਹੀਂ ਹੁੰਦਾ | ਮੁਹੱਲਾ ਵਾਸੀਆਂ ਦੀ ਮੰਗ ਹੈ ਕਿ ਸੀਵਰੇਜ਼ ਦੇ ਗੰਦੇ ਪਾਣੀ ਦਾ ਜਲਦੀ ਹੱਲ ਕੀਤਾ ਜਾਵੇ |