ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਦੀ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ) ਐਕਟ 2016 ਅਧੀਨ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੀ ਸੁਚੱਜੀ ਦੇਖ-ਰੇਖ ਵਿਚ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੇ ਹੁਕਮਾਂ ਉੱਤੇ ਜ਼ਿਲ੍ਹਾ ਮੋਗਾ ਵਿਚੋਂ ਬਾਲ ਅਤੇ ਕਿਸ਼ੋਰ ਮਜ਼ਦੂਰੀ ਖ਼ਤਮ ਕਰਨ ਲਈ ਬਾਲ ਅਤੇ ਕਿਸ਼ੋਰ ਮਜ਼ਦੂਰੀ ਖ਼ਾਤਮਾ ਸਪਤਾਹ ਤਹਿਤ ਬਾਲ ਸੁਰੱਖਿਆ ਯੂਨਿਟ ਵਲੋਂ ਮੋਗਾ ਦੇ ਅਕਾਲਸਰ ਰੋਡ ਅਤੇ ਕੈਂਪ ਮਾਰਕੀਟ ਵਿਚ ਚੈਕਿੰਗ ਤੇ ਜਾਗਰੂਕਤਾ ਮੁਹਿੰਮ ਚਲਾਈ ਗਈ | ਸਹਾਇਕ ਲੇਬਰ ਕਮਿਸ਼ਨਰ ਵਿਕਾਸ ਕੁਮਾਰ ਨੇ ਦੱਸਿਆ ਕਿ ਜੇਕਰ ਕਿਸੇ ਵੀ ਦੁਕਾਨਦਾਰ, ਫ਼ੈਕਟਰੀ ਜਾਂ ਹੋਰ ਫ਼ਰਮ ਕੋਲ ਕੋਈ ਵੀ ਬਾਲ ਜਾਂ ਕਿਸ਼ੋਰ ਕੰਮ ਲਈ ਆਉਂਦਾ ਹੈ, ਤਾਂ ਪ੍ਰਬੰਧਕਾਂ ਵਲੋਂ ਉਸ ਨੂੰ ਕੰਮ 'ਤੇ ਰੱਖਣ ਦੀ ਬਜਾਏ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਸਪਤਾਹ ਦੌਰਾਨ ਕਾਰੋਬਾਰੀ ਅਦਾਰਿਆਂ ਅਤੇ ਸੰਸਥਾਵਾਂ, ਜਿੱਥੇ ਕਿ ਬਾਲ ਅਤੇ ਕਿਸ਼ੋਰ ਮਜ਼ਦੂਰੀ ਕਰਵਾਈ ਜਾਂਦੀ ਹੈ, ਉੱਤੇ ਅਚਾਨਕ ਛਾਪੇ ਮਾਰੇ ਜਾ ਰਹੇ ਹਨ | ਲੱਭੇ ਗਏ ਬਾਲ ਅਤੇ ਕਿਸ਼ੋਰ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਖ਼ਿਲਾਫ਼ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ) ਐਕਟ 1986 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਉਨ੍ਹਾਂ ਸਮੂਹ ਕਾਰੋਬਾਰੀਆਂ, ਸੰਸਥਾਵਾਂ ਆਦਿ ਨੂੰ ਦੱਸਿਆ ਕਿ ਬਾਲ ਮਜ਼ਦੂਰੀ ਕਾਨੂੰਨੀ ਅਪਰਾਧ ਹੈ | ਇਸ ਤੋਂ ਦੂਰ ਰਿਹਾ ਜਾਵੇ |