ਸ੍ਰੀ ਮੁਕਤਸਰ ਸਾਹਿਬ, 19 ਜੂਨ (ਰਣਜੀਤ ਸਿੰਘ ਢਿੱਲੋਂ)- ਸੀਨੀਅਰ ਭਾਜਪਾ ਆਗੂ, ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਰਾਜੇਸ਼ ਗੋਰਾ ਪਠੇਲਾ ਨੇ ਦਿੱਲੀ ਸਥਿਤ ਦਫ਼ਤਰ ਵਿਖੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ | ਇਸ ਮੁਲਾਕਾਤ ਦੌਰਾਨ ਉਨ੍ਹਾਂ ਕੇਂਦਰੀ ਮੰਤਰੀ ਮੂਹਰੇ ਸ੍ਰੀ ਮੁਕਤਸਰ ਸਾਹਿਬ-ਫ਼ਿਰੋਜ਼ਪੁਰ ਰੋਡ ਹਾਈਵੇਅ ਦਾ ਬੰਦ ਪਿਆ ਕੰਮ ਅਤੇ ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ 'ਤੇ ਸੇਤੀਆ ਪੇਪਰ ਮਿੱਲ ਕੋਲ ਸੇਮਨਾਲੇ ਦੇ ਪੁਲ ਦਾ ਰੁਕਿਆ ਹੋਇਆ ਕੰਮ ਛੇਤੀ ਸ਼ੁਰੂ ਕਰਵਾਉਣ ਦਾ ਮੁੱਦਾ ਚੁੱਕਿਆ, ਜਿਸ 'ਤੇ ਨਿਤਿਨ ਗਡਕਰੀ ਨੇ ਤੁਰੰਤ ਆਪਣੇ ਪੀ.ਏ. ਰਾਹੀਂ ਸੰਬੰਧਿਤ ਵਿਭਾਗ ਨੂੰ ਇਕ ਹਫ਼ਤੇ 'ਚ ਇਹ ਦੋਵੇਂ ਕੰਮ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ | ਗੋਰਾ ਪਠੇਲਾ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ-ਫ਼ਿਰੋਜ਼ਪੁਰ ਰੋਡ ਹਾਈਵੇਅ ਦਾ ਕੰਮ ਲੰਮੇ ਸਮੇਂ ਤੋਂ ਬੰਦ ਪਿਆ ਹੈ ਅਤੇ ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ 'ਤੇ ਸੇਤੀਆ ਪੇਪਰ ਮਿੱਲ ਕੋਲ ਸੇਮਨਾਲੇ ਦੇ ਪੁਲ ਦਾ ਕੰਮ ਵੀ ਰੁਕਿਆ ਪਿਆ ਹੈ | ਕੇਂਦਰੀ ਮੰਤਰੀ ਨੇ ਇਕ ਹਫ਼ਤੇ 'ਚ ਕੰਮ ਸ਼ੁਰੂ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਹੈ |.