ਫ਼ਰੀਦਕੋਟ, 16 ਜੂਨ (ਸਰਬਜੀਤ ਸਿੰਘ)-ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿਖੇ ਪਾਰਟੀ ਦੀ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਕਾਮਰੇਡ ਸੁਖਦਰਸ਼ਨ ਰਾਮ ਸ਼ਰਮਾ ਔਲਖ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਦੇ ਸ਼ੁਰੂ ਵਿਚ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਵਿਚ ਮਾਰੇ ਗਏ ਮੁਸਾਫ਼ਰਾਂ ਅਤੇ ਹੋਰਨਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਦੂਜੇ ਸ਼ੋਕ ਮਤੇ ਵਿਚ ਕਾਮਰੇਡ ਗੁਰਮੀਤ ਸਿੰਘ ਸ਼ੁਗਲੀ, ਟਰੱਸਟੀ 'ਨਵਾਂ ਜ਼ਮਾਨਾ' ਦੀ ਅਚਾਨਕ ਹੋਈ ਮੌਤ 'ਤੇ ਦੁੱਖ ਪ੍ਰਗਟ ਕੀਤਾ ਗਿਆ | ਸੀ. ਪੀ. ਆਈ. ਦੀ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਪਾਰਟੀ ਦੇ ਸਤੰਬਰ ਦੇ ਮਹੀਨੇ ਚੰਡੀਗੜ੍ਹ ਵਿਚ ਹੋਣ ਜਾ ਰਹੇ 25ਵੇਂ ਆਲ ਇੰਡੀਆ ਮਹਾਂ ਸੰਮੇਲਨ ਦੀ ਤਿਆਰੀ ਸਬੰਧੀ ਕੋਈ ਕਸਰ ਬਾਕੀ ਨਾ ਛੱਡਣ ਲਈ ਸਾਰੇ ਪਾਰਟੀ ਮੈਂਬਰਾਂ ਅਤੇ ਹਮਦਰਦ ਸੱਜਣਾਂ ਨੂੰ ਅਪੀਲ ਕੀਤੀ ਅਤੇ ਆਉਣ ਵਾਲੇ ਦਿਨਾਂ ਵਿਚ ਯੋਜਨਾਬਧ ਢੰਗ ਨਾਲ ਮੁਹਿੰਮ ਚਲਾ ਕੇ ਇਕ ਲੱਖ ਰੁਪਏ ਦੀ ਸਹਾਇਤਾ ਪਾਰਟੀ ਨੂੰ ਭੇਜਣ ਦਾ ਨਿਸ਼ਚਾ ਪ੍ਰਗਟ ਕੀਤਾ ਗਿਆ | ਜ਼ਿਲ੍ਹਾ ਖ਼ਜ਼ਾਨਚੀ ਮਾਸਟਰ ਗੁਰਚਰਨ ਸਿੰਘ ਮਾਨ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਲੋਂ 25ਵੀਂ ਪਾਰਟੀ ਕਾਂਗਰਸ ਲਈ ਇਕ ਲੱਖ ਰੁਪਏ ਤੋਂ ਵੱਧ ਰਾਸ਼ੀ ਭੇਜੀ ਗਈ ਹੈ, ਜਿਸ ਵਿਚ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਦਾ 51,000 ਰੁਪਏ ਦਾ ਵਿਸ਼ੇਸ਼ ਯੋਗਦਾਨ ਸ਼ਾਮਿਲ ਹੈ | ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਵਲੋਂ ਭੇਜੀ ਗਈ ਮਦਦ ਇਸ ਤੋਂ ਵੱਖਰੀ ਹੈ | ਮੀਟਿੰਗ ਨੂੰ ਕਾਰਜਕਾਰੀ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਹਰਪਾਲ ਸਿੰਘ ਮਚਾਕੀ, ਕਾਮਰੇਡ ਸ਼ਾਮ ਸੁੰਦਰ ਫ਼ਰੀਦਕੋਟ, ਜਗਤਾਰ ਸਿੰਘ ਭਾਣਾ ਸਾਬਕਾ ਸਰਪੰਚ ਨੇ ਵੀ ਸੰਬੋਧਨ ਕੀਤਾ | ਇਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦੇ ਹੋਏ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ | ਫੈਸਲਾ ਕੀਤਾ ਗਿਆ ਕਿ 17 ਜੂਨ ਨੂੰ ਫ਼ਰੀਦਕੋਟ ਵਿਖੇ ਇਜ਼ਰਾਈਲ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ | ਇਸ ਮੌਕੇ ਬੀਬੀ ਮਨਜੀਤ ਕੌਰ ਨੱਥੇਵਾਲਾ, ਇੰਦਰਜੀਤ ਸਿੰਘ ਗਿੱਲ, ਵੀਰ ਸਿੰਘ ਕੰਮੇਆਣਾ, ਬੋਹੜ ਸਿੰਘ ਔਲਖ, ਗੁਰਦੀਪ ਸਿੰਘ ਭੋਲਾ, ਹਰਮੀਤ ਸਿੰਘ, ਮੁਖਤਿਆਰ ਸਿੰਘ ਭਾਣਾ, ਉਤਮ ਸਿੰਘ ਸਾਦਿਕ, ਜਗਤਾਰ ਸਿੰਘ ਰਾਜੋਵਾਲਾ ਅਤੇ ਪ੍ਰਦੀਪ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ |
ਸੀ.ਪੀ.ਆਈ. ਦੇ ਆਲ ਇੰਡੀਆ ਮਹਾਂਸੰਮੇਲਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਅਜੀਤ ਡੈਸਕ
17-06-2025