ਸ੍ਰੀ ਮੁਕਤਸਰ ਸਾਹਿਬ, 16 ਜੂਨ (ਹਰਮਹਿੰਦਰ ਪਾਲ)- ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਜ਼ਿਲ੍ਹੇ ਅੰਦਰ ਨਸ਼ਾ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੇਲ੍ਹ ਵਿਚ ਕਿਸੇ ਵੀ ਕਿਸਮ ਦੀ ਗ਼ੈਰ-ਕਾਨੂੰਨੀ ਗਤੀਵਿਧੀ ਰੋਕਣ ਲਈ ਸਰਚ ਆਪ੍ਰੇਸ਼ਨ ਚਲਾਇਆ ਗਿਆ | ਡਾ. ਅਖਿਲ ਚੌਧਰੀ ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਸਰਚ ਆਪ੍ਰੇਸ਼ਨ ਪੂਰੀ ਯੋਜਨਾ ਨਾਲ ਕਰਵਾਇਆ ਗਿਆ ਤਾਂ ਜੋ ਜੇਲ੍ਹ ਅੰਦਰ ਨਸ਼ਾ ਤਸਕਰੀ, ਗੈਂਗਸਟਰ ਵਾਦ, ਗ਼ੈਰਕਾਨੂੰਨੀ ਸਾਮਾਨ, ਮੋਬਾਈਲ ਜਾਂ ਹੋਰ ਮਨਾਹੀ-ਸ਼ੁਦਾ ਚੀਜ਼ਾਂ ਦੀ ਭਾਲ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਲਈ ਜੇਲ੍ਹਾਂ ਦੇ ਅੰਦਰੂਨੀ ਹਾਲਾਤਾਂ 'ਤੇ ਸਖ਼ਤ ਨਿਗਰਾਨੀ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਇਹ ਥਾਵਾਂ ਨਸ਼ਾ ਤਸਕਰੀ ਦੇ ਲੁਕਵੇਂ ਕੇਂਦਰ ਬਣ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੁਧਾਰ ਘਰ (ਜੇਲ੍ਹ) ਸ੍ਰੀ ਮੁਕਤਸਰ ਸਾਹਿਬ ਵਿਖੇ ਨਵੀਨ ਕੁਮਾਰ ਡੀ.ਐੱਸ.ਪੀ. (ਸ.ਡ.) ਸ੍ਰੀ ਮੁਕਤਸਰ ਸਾਹਿਬ, ਅਨਦੀਪ ਸਿੰਘ ਡੀ.ਐੱਸ.ਪੀ. (ਐੱਚ), ਇੰਸਪੈਕਟਰ ਵਰੁਨ ਯਾਦਵ ਮੁੱਖ ਅਫ਼ਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ, ਐੱਸ.ਆਈ. ਗੁਰਦੀਪ ਸਿੰਘ ਮੁੱਖ ਅਫ਼ਸਰ ਬਰੀਵਾਲਾ ਦੁਆਰਾ ਸਰਚ ਕੀਤੀ ਗਈ | ਇਸੇ ਤਰ੍ਹਾਂ ਜੇਲ੍ਹ ਸਟਾਫ਼ ਅਤੇ ਕਈ ਥਾਣਿਆਂ ਤੋਂ ਤਕਰੀਬਨ 150 ਪੁਲਿਸ ਕਰਮਚਾਰੀ ਵੀ ਇਸ ਮੁਹਿੰਮ ਵਿਚ ਸ਼ਾਮਿਲ ਰਹੇ | ਇਸ ਮੌਕੇ ਸੁਪਰਡੈਂਟ ਜੇਲ੍ਹ ਨਵਦੀਪ ਸਿੰਘ ਬੈਣੀਵਾਲ, ਐੱਸ.ਆਈ. ਗੁਰਦਿੱਤ ਸਿੰਘ, ਐੱਸ.ਆਈ. ਵਰਿੰਦਰ ਸਿੰਘ ਵੀ ਮੌਜੂਦ ਸਨ | ਇਸ ਮੌਕੇ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਦੀ ਵਿਸਥਾਰਪੂਰਕ ਜਾਂਚ ਕੀਤੀ ਗਈ, ਕੈਦੀਆਂ ਅਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਅਤੇ ਸਾਮਾਨ ਦੀ ਜਾਂਚ ਕੀਤੀ ਗਈ, ਆਉਣ-ਜਾਣ ਵਾਲੇ ਰਸਤੇ, ਕੰਧਾਂ ਦੇ ਕੋਨੇ, ਬੈਰਕਾਂ ਦੇ ਆਲੇ-ਦੁਆਲੇ, ਆਵਾਜਾਈ ਦੇ ਸਾਰੇ ਰਾਹਾਂ ਦੀ ਪੂਰੀ ਜਾਂਚ ਕੀਤੀ ਗਈ, ਕੁਝ ਸ਼ੱਕੀ ਥਾਵਾਂ ਤੋਂ ਵਿਅਕਤੀਆਂ ਦੀ ਪੁੱਛਗਿੱਛ ਵੀ ਕੀਤੀ ਗਈ, ਤਲਾਸ਼ੀ ਲਈ ਮੈਟਲ ਡਿਟੈਕਟਰ, (ਸਨਿਫਰ ਡੋਗਜ਼) ਅਤੇ ਹੋਰ ਤਕਨੀਕੀ ਸਾਧਨਾਂ ਦੀ ਵੀ ਮਦਦ ਲਈ ਗਈ | ਐੱਸ.ਐੱਸ.ਪੀ. ਨੇ ਕਿਹਾ ਕਿ ਜੇਲ੍ਹ ਵਿਚ ਬੰਦ ਗੈਂਗਸਟਰ ਜਾਂ ਨਸ਼ਾ ਤਸਕਰ ਜੇਲ੍ਹ ਅੰਦਰੋਂ ਗ਼ੈਰਕਾਨੂੰਨੀ ਕੰਮ ਨਾ ਕਰ ਰਹੇ ਹੋਣ, ਇਸ ਲਈ ਸਖ਼ਤ ਚੈਕਿੰਗ ਤੇ ਨਿਗਰਾਨੀ ਲਾਜ਼ਮੀ ਹੈ ਤਾਂ ਜੋ ਅਜਿਹੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਅਚਾਨਕ ਚੈਕਿੰਗਾਂ ਕੀਤੀਆਂ ਜਾਣਗੀਆਂ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ |