ਸ੍ਰੀ ਮੁਕਤਸਰ ਸਾਹਿਬ, 17 ਜੂਨ (ਹਰਮਹਿੰਦਰ ਪਾਲ)-ਜ਼ਿਲ੍ਹਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੂੰ ਸਾਫ਼ ਕਰਨ ਲਈ ਡਾ. ਅਪਰਨਦੀਪ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਵਲੋਂ ਸਿਵਲ ਹਸਪਤਾਲ ਦੇ ਸਮੂਹ ਸਟਾਫ਼ ਨੂੰ ਨਾਲ ਲੈ ਕੇ ਵਿਸ਼ੇਸ਼ ਕਲੀਨਲੀਨੈੱਸ ਡਰਾਇਵ ਸ਼ੁਰੂ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਅਧੀਨ ਹਸਪਤਾਲ ਦੇ ਖ਼ਾਲੀ ਪਏ ਏਰੀਏ ਅਲਮਾਰੀਆਂ, ਛੱਤਾਂ ਆਦਿ ਦੀ ਵਿਸ਼ੇਸ਼ ਸਫ਼ਾਈ ਕੀਤੀ ਜਾਵੇਗੀ ਅਤੇ ਕਬਾੜ ਆਦਿ ਨੂੰ ਨਸ਼ਟ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਾਫ਼-ਸਫ਼ਾਈ ਰੱਖਣ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਬਚ ਸਕਦੇ ਹਾਂ ਅਤੇ ਤੰਦਰੁਸਤ ਰਹਿ ਸਕਦੇ ਹਾਂ | ਸਿਵਲ ਹਸਪਤਾਲ ਦੀ ਸਾਫ਼-ਸਫ਼ਾਈ ਹੋਣ ਨਾਲ ਲੋਕਾਂ ਦਾ ਹਸਪਤਾਲ ਵਿਚ ਵਿਸ਼ਵਾਸ ਵਧਦਾ ਹੈ ਅਤੇ ਵਧੀਆ ਮਾਹੌਲ ਵਿਚ ਸਿਹਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਸਵੱਛਤਾ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ ਅਤੇ ਆਪਣੇ ਘਰਾਂ, ਦਫ਼ਤਰਾਂ ਅਤੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਡਾ. ਮਨਜੀਤ ਕੌਰ ਨਰਸਿੰਗ ਸਿਸਟਰ, ਰਵੀ ਕੁਮਾਰ ਕਲਰਕ ਅਤੇ ਹਸਪਤਾਲ ਦਾ ਸਟਾਫ਼ ਹਾਜ਼ਰ ਸੀ |