ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ)-ਨਰਮੇ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਇਸ ਸਮੇਂ ਅਗੇਤੇ ਨਰਮੇ ਦੀ ਫ਼ਸਲ ਤਕਰੀਬਨ 45 ਦਿਨਾਂ ਦੀ ਹੋ ਗਈ ਹੈ ਅਤੇ ਇਸ ਫ਼ਸਲ ਉੱਪਰ ਕੀੜੇ-ਮਕੌੜਿਆਂ ਦੇ ਸਰਵੇਖਣ ਦੀ ਜ਼ਰੂਰਤ ਹੈ | ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਨਰਮੇ ਦੀ ਫ਼ਸਲ ਉੱਪਰ ਕੀੜੇ-ਮਕੌੜਿਆਂ ਦਾ ਸਰਵੇਖਣ ਕਰਨ ਲਈ ਜ਼ਿਲ੍ਹਾ, ਬਲਾਕ ਤੇ ਸਰਕਲ ਪੱਧਰ ਦੀਆਂ 27 ਪੈਸਟ ਸਰਵੇਲੈਂਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਵਿਚ 69 ਅਧਿਕਾਰੀ/ਕਰਮਚਾਰੀ ਸ਼ਾਮਿਲ ਹਨ | ਇਹ ਟੀਮਾਂ ਹਫ਼ਤੇ ਵਿਚ ਦੋ ਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਸਰਵੇਖਣ ਕਰਨਗੀਆਂ | ਇਹ ਸਰਵੇਖਣ 30 ਸਤੰਬਰ ਤੱਕ ਨਿਰੰਤਰ ਜਾਰੀ ਰਹੇਗਾ | ਜ਼ਿਲ੍ਹਾ ਪੱਧਰੀ ਪੈਸਟ ਸਰਵੇਲੈਂਸ ਟੀਮ ਜਿਸ ਵਿਚ ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ) ਅਤੇ ਕਰਨਜੀਤ ਸਿੰਘ ਪੀ.ਡੀ. (ਆਤਮਾ) ਵਲੋਂ ਕੀਤੇ ਗਏ ਵੱਖ-ਵੱਖ ਪਿੰਡਾਂ ਦੇ ਨਰਮੇ ਦੇ ਖੇਤਾਂ ਦੇ ਸਰਵੇਖਣ ਅਨੁਸਾਰ ਅਜੇ ਤੱਕ ਕਿਸੇ ਵੀ ਕੀਟ ਦਾ ਹਮਲਾ ਆਰਥਿਕ ਕਗਾਰ ਪੱਧਰ ਤੋਂ ਉੱਪਰ ਨਹੀਂ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਦੇ ਸਰਵੇਖਣ ਦੇ ਆਧਾਰ 'ਤੇ ਪਿੰਡ ਪੱਧਰ ਦੇ ਕਿਸਾਨ ਸਿਖਲਾਈ ਕੈਂਪਾਂ ਰਾਹੀਂ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਸੰਬੰਧੀ ਖ਼ਾਦਾਂ, ਕੀਟਨਾਸ਼ਕ ਤੇ ਉਲੀਨਾਸ਼ਕਾਂ ਦੀ ਸਿਫ਼ਾਰਸ਼ ਕੀਤੀ ਜਾਵੇਗੀ | ਮੁੱਖ ਖੇਤੀਬਾੜੀ ਅਫ਼ਸਰ ਵਲੋਂ ਕਿਸਾਨਾਂ ਨੂੰ ਇਹ ਸਲਾਹ ਹੈ ਕਿ ਨਰਮੇ ਦੀ ਫ਼ਸਲ ਉੱਪਰ ਜਦੋਂ ਕੋਈ ਕੀੜਾ ਮਕੌੜਾ ਨੁਕਸਾਨ ਦੀ ਹੱਦ ਵਿਚ ਆਉਂਦਾ ਹੈ ਤਾਂ ਉਸ ਸਮੇਂ ਹੀ ਕੀਟਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਵਲੋਂ ਅਜੇ ਤੱਕ ਬੀਜ਼ ਦੀ ਸਬਸਿਡੀ ਲਈ ਬਿੱਲ ਪੋਰਟਲ 'ਤੇ ਅਪਲੋਡ ਨਹੀਂ ਕੀਤਾ, ਉਹ 30 ਜੂਨ ਤੱਕ 'ਤੇ ਅਪਲਾਈ ਕਰ ਸਕਦੇ ਹਨ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਇਨਪੁਟਸ ਖ਼ਰੀਦਣ ਸਮੇਂ ਪੱਕਾ ਬਿੱਲ ਲਿਆ ਜਾਵੇ ਅਤੇ ਕਿਸੇ ਕਿਸਮ ਦੀ ਤਕਨੀਕੀ ਜਾਣਕਾਰੀ ਲੈਣ ਲਈ ਆਪਣੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫ਼ਸਰ ਜਾਂ ਹੈਲਪ ਡੈਸਕ ਨੰਬਰ 'ਤੇ ਸੰਪਰਕ ਕੀਤਾ ਜਾਵੇ |