ਸ੍ਰੀ ਮੁਕਤਸਰ ਸਾਹਿਬ, 21 ਜੂਨ (ਹਰਮਹਿੰਦਰ ਪਾਲ)-ਸਥਾਨਕ ਮੋੜ ਰੋਡ ਸਥਿਤ ਗਲੀ ਨੰਬਰ 9 ਵਿਚ ਰਹਿਣ ਵਾਲਾ 16 ਸਾਲਾਂ ਨੌਜਵਾਨ ਵਿਵੇਕ, ਜੋ ਕਿ ਪਿਛਲੇ ਦਿਨੀਂ ਦੁਪਹਿਰ ਸਮੇਂ ਖੇਤ ਵਿਚ ਫ਼ਸਲ ਨੂੰ ਪਾਣੀ ਦੇਣ ਗਿਆ ਸੀ, ਅਚਾਨਕ ਗ਼ਾਇਬ ਹੋ ਗਿਆ | ਇਸ ਸੰਬੰਧੀ ਪਰਿਵਾਰਕ ਮੈਂਬਰਾਂ ਵਲੋਂ ਬੱਸ ਸਟੈਂਡ ਚੌਕੀ 'ਤੇ ਪੁਲਿਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਗਈ ਸੀ | ਸ਼ਿਕਾਇਤ ਮਿਲਣ 'ਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ | ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਆਪਣੇ ਖੁਫ਼ੀਆ ਸਰੋਤਾਂ ਦੀ ਮਦਦ ਲੈ ਕੇ ਵੱਖ-ਵੱਖ ਥਾਵਾਂ 'ਤੇ ਜਾਣਕਾਰੀ ਹਾਸਿਲ ਕੀਤੀ | ਲਗਾਤਾਰ ਕੋਸ਼ਿਸ਼ਾਂ ਤੇ ਮੁਲਾਂਕਣ ਤੋਂ ਬਾਅਦ ਵਿਵੇਕ ਨੂੰ ਸੁਰੱਖਿਅਤ ਲੱਭ ਲਿਆ ਗਿਆ ਅਤੇ ਉਸ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ | ਪੁਲਿਸ ਵਲੋਂ ਜਾਣਕਾਰੀ ਦਿੱਤੀ ਗਈ ਕਿ ਵਿਵੇਕ 8ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਹੈ | ਪਰਿਵਾਰ ਵਲੋਂ ਉਸ ਦੀ ਲੱਭਣ 'ਚ ਸਹਿਯੋਗ ਕਰਨ ਲਈ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਦਾ ਧੰਨਵਾਦ ਕੀਤਾ ਗਿਆ ਹੈ |