ਫ਼ਰੀਦਕੋਟ, 21 ਜੂਨ (ਜਸਵੰਤ ਸਿੰਘ ਪੁਰਬਾ)-ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਡਾਕਟਰਾਂ ਅਤੇ ਹੋਰ ਸਟਾਫ਼ ਵਲੋਂ ਹਸਪਤਾਲ ਦੇ ਕੰਮਕਾਜ ਵਿਚ ਦਖਲ ਅੰਦਾਜੀ ਕਰਨ ਅਤੇ ਕੁਝ ਲੋਕਾਂ ਵਲੋਂ ਹਸਪਤਾਲ ਦੇ ਕੰਮਕਾਜ ਨੂੰ ਲੈ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਨੂੰ ਲੈ ਕੇ ਡਾਕਟਰ ਅਤੇ ਸਟਾਫ਼ ਵਲੋਂ ਦੋ ਘੰਟੇ ਲਈ ਹੜਤਾਲ ਕੀਤੀ ਗਈ ਸੀ ਜਿਸ ਦੌਰਾਨ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਲੋਂ ਧਰਨਾਕਾਰੀਆਂ ਕੋਲ ਪੁੱਜ ਕੇ ਉਨ੍ਹਾਂ ਤੋਂ ਮੰਗ ਪੱਤਰ ਲਿਆ ਸੀ ਅਤੇ ਸਰਕਾਰ ਤੱਕ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਗੱਲ ਕਰਨ ਦੀ ਗੱਲ ਕਹੀ ਸੀ ਭਰੋਸਾ ਦਿੱਤਾ ਸੀ ਪਰ ਇਸੇ ਦਰਮਿਆਨ ਪੱਤਰਕਾਰਾਂ ਵਲੋਂ ਯੂਨੀਵਰਸਿਟੀ ਦੇ ਅਧੀਨ ਹੋ ਰਹੇ ਘਪਲਿਆਂ ਦੀ ਜਾਂਚ ਜੋ ਕਿ ਵਿਜੀਲੈਂਸ ਵਲੋਂ ਕੀਤੀ ਜਾ ਰਹੀ ਹੈ ਸਬੰਧੀ ਸਵਾਲ ਕੀਤਾ ਅਤੇ ਸੀਨੀਅਰ 'ਆਪ' ਆਗੂ ਅਰਸ਼ ਸੱਚਰ ਵਲੋਂ ਯੂਨੀਵਰਸਿਟੀ ਦੇ ਲਗਾਏ ਇਲਜ਼ਾਮ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਵਲੋਂ ਅਰਸ਼ ਸੱਚਰ ਦੇ ਖ਼ਿਲਾਫ਼ ਬਿਨਾਂ ਉਨ੍ਹਾਂ ਦਾ ਨਾਂਅ ਲਏ ਆਪਣੇ ਬਿਆਨ ਵਿਚ ਤਲਖ ਸ਼ਬਦਾਂ ਦਾ ਇਸਤੇਮਾਲ ਕੀਤਾ ਜਿਸ ਦੌਰਾਨ ਉਨ੍ਹਾਂ ਕਿਹਾ ਕਿ ਸਿਰਫ਼ ਫ਼ੋਟੋਆਂ ਲਾਉਣ ਨਾਲ ਕੋਈ ਪਾਰਟੀ ਦਾ ਨੇਤਾ ਨਹੀਂ ਬਣ ਜਾਂਦਾ ਜਾਂ ਆਗੂ ਨਹੀਂ ਬਣ ਜਾਂਦਾ | ਉਨ੍ਹਾਂ ਇਹ ਵੀ ਕਿਹਾ ਕਿ ਉਸ ਵਿਅਕਤੀ ਕੋਲ ਕਿਸੇ ਕਿਸਮ ਦਾ ਪਾਰਟੀ ਵਲੋਂ ਕੋਈ ਅਹੁਦਾ ਨਹੀਂ ਹੈ ਅਤੇ ਨਾ ਹੀ ਉਸ ਵਲੋਂ ਪਬਲਿਕ ਵਿਚ ਵਿਚਰ ਕੇ ਕੋਈ ਕੰਮ ਕੀਤੇ ਜਾ ਰਹੇ ਹਨ ਇਸ ਲਈ ਉਹ ਉਨ੍ਹਾਂ ਨੂੰ ਪਾਰਟੀ ਦਾ ਆਗੂ ਮੰਨਦੇ ਹੀ ਨਹੀਂ | ਵਿਧਾਇਕ ਦੇ ਇਸ ਬਿਆਨ ਦੇ ਜਵਾਬ ਵਿਚ ਅੱਜ ਸੀਨੀਅਰ 'ਆਪ' ਆਗੂ ਅਰਸ਼ ਸੱਚਰ ਵਲੋਂ ਇਕ ਪ੍ਰੈਸ ਵਾਰਤਾ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਵਲੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਸਿੱਧੇ ਤੌਰ 'ਤੇ ਚਿਤਾਵਨੀ ਦਿੱਤੀ ਕਿ ਉਹ ਆਪਣੇ ਸ਼ਬਦਾਂ 'ਤੇ ਕੰਟਰੋਲ ਰੱਖਣ ਨਾਲ ਹੀ ਉਨ੍ਹਾਂ ਵਲੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਖ਼ਿਲਾਫ਼ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਅਤੇ ਜਿਨ੍ਹਾਂ ਦੇ ਜਵਾਬ ਮੰਗੇ | ਹੁਣ ਦੇਖਣਾ ਹੋਵੇਗਾ ਕਿ ਦੋਨਾਂ ਆਗੂਆਂ ਵਿਚ ਚੱਲੀ ਇਹ ਸ਼ਬਦੀ ਜੰਗ ਕਿਸ ਅੰਜਾਮ ਤੱਕ ਪਹੁੰਚਦੀ ਹੈ | ਦੱਸ ਦਈਏ ਕਿ ਸੀਨੀਅਰ ਆਮ ਆਗੂ ਅਰਸ਼ ਸੱਚਰ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਜੀਵ ਸੂਦ 'ਤੇ ਕਈ ਤਰ੍ਹਾਂ ਦੇ ਵੱਡੇ ਘਪਲਿਆਂ ਦੇ ਇਲਜ਼ਾਮ ਲਗਾਏ ਸਨ ਅਤੇ ਨਾਲ ਹੀ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਕੋਲ ਕੀਤੇ ਜਾਣ ਦੀ ਗੱਲ ਕੀਤੀ ਸੀ ਜਿਸ ਤੋਂ ਬਾਅਦ ਇਸ ਯੂਨੀਵਰਸਿਟੀ ਦੇ ਵਿਚ ਵਿਜੀਲੈਂਸ ਵਲੋਂ ਆਪਣੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਜਾਂਚ ਦੇ ਦੌਰਾਨ ਕਈ ਲੋਕਾਂ ਦੇ ਨਾਂਅ ਉਜਾਗਰ ਹੋਣਗੇ ਜਿਸ ਤੋਂ ਘਬਰਾ ਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਲੋਂ ਉਨ੍ਹਾਂ ਦੇ ਖਿਲਾਫ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੋ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦੀ |