ਗਿੱਦੜਬਾਹਾ, 21 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਦੇ ਬਾਹਰੋਂ ਗੁਜਰਦੇ ਰਾਸ਼ਟਰੀ ਮਾਰਗ 'ਤੇ ਸੜਕ ਵਿਚਕਾਰ ਬਣਿਆਂ ਡੂੰਘਾ ਖੱਡਾ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ | ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਸ਼ਹਿਰ ਦੇ ਬਾਈਪਾਸ ਤੋਂ ਗੁਰਜਦੇ ਰਾਸ਼ਟਰੀ ਮਾਰਗ ਚਹੁੰ-ਮਾਰਗੀ ਬਣਿਆਂ ਅਜੇ ਥੋੜ੍ਹਾ ਹੀ ਸਮਾਂ ਹੋਇਆ ਹੈ | ਤਦ ਤੋਂ ਹੀ ਭਾਰੂ ਚੌਕ 'ਤੇ ਬਣੇ ਪੁਲ 'ਤੇ ਸ਼ਹਿਰ ਵਿਚੋਂ ਆਉਣ ਜਾਣ ਲਈ ਬਣੀ ਸੜਕ 'ਤੇ ਡੂੰਘਾ ਖੱਡਾ ਬਣਿਆ ਹੋਇਆ ਹੈ | ਇਥੇ ਸੀਵਰੇਜ ਦਾ ਹੋਲ ਵੀ ਹੈ ਜਿੱਥੇ ਅਕਸਰ ਹੀ ਲੰਮੇ ਸਮੇਂ ਤੋਂ ਸੀਵਰੇਜ ਦਾ ਪਾਣੀ ਓਵਰਫਲੋਅ ਹੁੰਦਾ ਰਹਿੰਦਾ ਹੈ | ਇਸ ਦੇ ਨਜ਼ਦੀਕ ਗਿੱਦੜਬਾਹਾ ਦੀ ਅਨਾਜ ਮੰਡੀ ਦਾ ਦਰਵਾਜ਼ਾ ਵੀ ਹੈ | ਰਾਸ਼ਟਰੀ ਮਾਰਗ ਹੋਣ ਕਰਕੇ ਅਤੇ ਸ਼ਹਿਰ ਜਾਣ ਅਤੇ ਆਉਣ ਲਈ ਇਸ ਰਸਤੇ 'ਤੇ ਵੱਡੀ ਤਾਦਾਤ ਵਿਚ ਵਾਹਨਾਂ ਦਾ ਆਉਣਾ ਜਾਣਾ ਰਹਿੰਦਾ ਹੈ | ਸੜਕ ਦੇ ਵਿਚਕਾਰ ਬਣੇ ਇਸ ਡੰੂਘੇ ਖੱਡੇ ਕਾਰਨ ਅਨੇਕਾਂ ਹੀ ਹਾਦਸੇ ਵਾਪਰ ਚੁੱਕੇ ਹਨ ਅਤੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵੀ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਪ੍ਰੰਤੂ ਸਬੰਧਿਤ ਵਿਭਾਗ ਦੀ ਨਲਾਇਕੀ ਹੀ ਕਿਹਾ ਜਾ ਸਕਦਾ ਹੈ ਕਿ ਕਿਸੇ ਨੇ ਵੀ ਇਸ ਦੀ ਸਾਰ ਨਹੀਂ ਲਈ | ਆਮ ਲੋਕਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਮਾਰਗ ਦਾ ਨਿਰਮਾਣ ਨਿੱਜੀ ਹੱਥਾਂ ਵਿਚ ਦੇਣ ਦਾ ਕੀ ਫਾਇਦਾ ਹੈ ਕਿ ਜਦੋਂ ਸਬੰਧਿਤ ਵਿਭਾਗ ਇਸ ਦੀ ਕੋਈ ਮੁਰੰਮਤ ਹੀ ਨਹੀਂ ਕਰਵਾ ਰਿਹਾ | ਟੋਲ ਪਲਾਜੇ ਵਾਲੇ ਰੋਜ਼ਾਨਾ ਲੱਖਾਂ ਰੁਪਿਆ ਵਸੂਲ ਰਹੇ ਹਨ ਪ੍ਰੰਤੂ ਟੋਲ ਪਲਾਜੇ ਤੋਂ ਕੁਝ ਹੀ ਦੂਰੀ 'ਤੇ ਆਮ ਰਸਤੇ ਦੇ ਵਿਚਕਾਰ ਬਣਿਆਂ ਖੱਡਾ ਕਿਸੇ ਨੂੰ ਹੁਣ ਤੱਕ ਦਿਖਾਈ ਕਿਉਂ ਨਹੀ ਦਿੱਤਾ? ਆਮ ਲੋਕਾਂ ਦੀ ਮੰਗ ਹੈ ਕਿ ਇਸ ਖੱਡੇ ਨੂੰ ਜਲਦੀ ਹੀ ਠੀਕ ਕੀਤਾ ਜਾਵੇ |