ਕੋਟਕਪੂਰਾ, 21 ਸਤੰਬਰ (ਮੋਹਰ ਸਿੰਘ ਗਿੱਲ)-ਪਿੰਡ ਦੁਆਰੇਆਣਾ ਵਿਖੇ ਪਰਾਲੀ ਪ੍ਰਬੰਧਣ ਸਬੰਧੀ ਕੈਂਪ ਲਗਾਇਆ ਗਿਆ | ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਕੋਟਕਪੂਰਾ ਡਾ.ਗੁਰਪ੍ਰੀਤ ਸਿੰਘ ਨੇ ਕੈਂਪ ਦੀ ਸ਼ੁਰੂਆਤ ਕਰਦਿਆਂ ਪਰਾਲੀ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ | ਖ਼ੁਰਾਕੀ ਤੱਤਾਂ ਨੂੰ ਜ਼ਮੀਨ ਵਿਚ ਵਾਪਿਸ ਕਰਨ ਦੀ ਲੋੜ ਹੈ ਤਾਂ ਜੋ ਖ਼ੁਰਾਕੀ ਤੱਤਾਂ ਨਾਲ ਭਰਪੂਰ ਅਨਾਜ ਪੈਦਾ ਕੀਤਾ ਜਾ ਸਕੇ, ਝੋਨੇ ਦੀ ਪਰਾਲੀ ਬੋਝ ਨਹੀ ਸਗੋਂ ਖ਼ੁਰਾਕੀ ਤੱਤਾਂ ਨਾਲ ਭਰਪੂਰ ਕੁਦਰਤੀ ਖ਼ਜਾਨਾ ਹੈ | ਉਨ੍ਹਾਂ ਕਿਹਾ ਕਿ 1 ਏਕੜ ਵਿਚ ਤਕਰੀਬਨ 3 ਟਨ ਪਰਾਲੀ ਪੈਦਾ ਹੁੰਦੀ ਹੈ | ਜੇਕਰ ਇਸਨੂੰ ਖੇਤ ਵਿਚ ਸੰਭਾਲ ਕੇ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ 1200 ਕਿੱਲੋ ਜੈਵਿਕ ਮਾਦਾ, 165 ਨਾਈਟਰੋਜਨ, 69 ਕਿੱਲੋ ਫਾਸਫੋਰਸ, 625 ਕਿਲੋ ਪੋਟਾਸ਼ ਅਤੇ 36 ਕਿੱਲੋ ਸਲਫਰ ਮਿੱਟੀ ਨੂੰ ਮਿਲ ਜਾਂਦੀ ਹੈ, ਜਿਸ ਦੀ ਕੁੁੱਲ ਕੀਮਤ ਤਕਰੀਬਨ 1600 ਬਣਦੀ ਹੈ | ਪਰਾਲੀ ਦੀ ਸੰਭਾਲ ਸਬੰਧੀ ਹੁਣ ਤੋਂ ਹੀ ਆਪਣੇ ਉਪਰਾਲੇ ਸ਼ੁਰੂ ਕਰ ਦਿੱਤੇ ਜਾਣ | ਵਿਭਾਗ ਦੁਆਰਾ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਾਂ ਸਬੰਧੀ ਜ਼ਿਲ੍ਹਾ ਫ਼ਰੀਦਕੋਟ ਵਿਚ ਜ਼ਰੂਰੀ ਮਸ਼ੀਨਰੀ ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤੀ ਗਈ ਹੈ | ਡਾ. ਨਿਸ਼ਾਨ ਸਿੰਘ ਨੇ ਕਿਸਾਨਾਂ ਨੂੰ ਹੋਰ ਮਹਿਕਮੇ ਵਿਚ ਚਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੇ | ਡਾ. ਗੁਰਮੱਘਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਕੋਟਕਪੂਰਾ ਨੇ ਕੈਂਪ ਵਿਚ ਪਹੁੰਚੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਪਿੰਡ ਵਾਸੀਆਂ ਦੀ ਸਹਾਇਤਾ ਲਈ ਕਿਸਾਨ ਵੀਰ ਉਦਮ ਕਰਨ | ਇਸ ਕੈਂਪ ਦਾ ਪ੍ਰਬੰਧ ਜਗਮੀਤ ਸਿੰਘ ਬੀ.ਟੀ.ਐਮ ਤੇ ਰਾਜਾ ਸਿੰਘ ਏ.ਟੀ.ਐਮ ਵਲੋਂ ਕੀਤਾ ਗਿਆ | ਇਸ ਕੈਂਪ ਵਿਚ ਮਨਿੰਦਰ ਸਿੰਘ ਹੈਪੀ, ਕੁਲਵਿੰਦਰ ਸਿੰਘ ਮੌਜੂਦਾ ਸਰਪੰਚ ਸਮੇਤ ਪਿੰਡ ਦੇ ਸਮੂਹ ਕਿਸਾਨ ਹਾਜ਼ਰ ਸਨ |