ਫ਼ਰੀਦਕੋਟ, 21 ਸਤੰਬਰ (ਸਤੀਸ਼ ਬਾਗ਼ੀ)- ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਪੰਜ ਰੋਜ਼ਾ ਚੱਲਣ ਵਾਲੇ ਧਾਰਮਿਕ ਸਮਾਗਮ ਦਾ ਅੱਜ ਤੀਸਰਾ ਦਿਨ ਹੈ | ਪਿਛਲੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਕੇਵਲ ਧਾਰਮਿਕ ਸਮਾਗਮਾਂ ਤੱਕ ਹੀ ਸੀਮਤ ਕੀਤਾ ਗਿਆ ਸੀ ਅਤੇ ਇਨ੍ਹਾਂ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕਰਨ ਦੇ ਲਈ ਦੂਰ ਦੂਰ ਤੋਂ ਭਾਰੀ ਗਿਣਤੀ ਵਿਚ ਸੰਗਤਾਂ ਆ ਰਹੀਆਂ ਹਨ | ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਵਿਚ ਸ਼ਿਰਕਤ ਕਰਨ ਦੇ ਲਈ ਸਾਦਿਕ ਇਲਾਕੇ ਦੀਆਂ ਸੰਗਤਾਂ ਵੀ ਮੈਡੀਕਲ ਹਸਪਤਾਲ ਦੇ ਰਸਤੇ ਰਾਹੀਂ ਪਹੁੰਚ ਰਹੀਆਂ ਹਨ ਪ੍ਰੰਤੂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਬਾਹਰੀ ਦੀਵਾਰ ਦੇ ਨਾਲ ਘਾਹ ਫ਼ੂਸ, ਝਾੜੀਆਂ, ਮਲਬੇ ਦੇ ਢੇਰ, ਪਲਾਸਟਿਕ ਦੇ ਲਿਫ਼ਾਫ਼ੇ, ਅਖਬਾਰਾਂ ਦੀ ਰੱਦੀ ਅਤੇ ਖਾਲੀ ਬੋਤਲਾਂ ਆਮ ਵੇਖੀਆਂ ਜਾ ਸਕਦੀਆਂ ਹਨ | ਇਸ ਮੈਡੀਕਲ ਹਸਪਤਾਲ ਦੀ ਬਾਹਰਲੀ ਸੜਕ ਦੇ ਦੂਜੇ ਪਾਸੇ ਗਿਆਨੀ ਜ਼ੈਲ ਸਿੰਘ ਮਾਰਕੀਟ ਦੇ ਕੁਝ ਸ਼ੋਅਰੂਮ ਵਾਲੇ ਵੀ ਆਪਣੀ ਰਹਿੰਦ ਖੂੰਹਦ ਨੂੰ ਇਸ ਸੜਕ 'ਤੇ ਅੱਗ ਲਗਾ ਕੇ ਸਾੜ ਰਹੇ ਹਨ | ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦ ਫ਼ਰੀਦਕੋਟ ਵਿਖੇ ਆਏ ਸਨ ਤਾਂ ਉਸ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਸਿਟੀ ਕੋਤਵਾਲੀ ਤੇ ਆਰਾ ਮਾਰਕੀਟ ਤੋਂ Ñਲੈ ਕੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਤੱਕ ਕਈ ਦਰਜਨ ਸਫ਼ਾਈ ਸੇਵਕਾਂ ਦੀ ਡਿਊਟੀ ਲਗਾਈ ਗਈ ਸੀ ਪ੍ਰੰਤੂ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਗੰਦਗੀ ਦੇ ਢੇਰਾਂ ਨੂੰ ਚੁੱਕਣ ਲਈ ਕਿਸੇ ਦੀ ਵੀ ਡਿਊਟੀ ਨਹੀਂ ਲਗਾਈ | ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਦੇ ਮੱਦੇਨਜ਼ਰ ਮੈਡੀਕਲ ਹਸਪਤਾਲ ਦੀ ਬਾਹਰਲੀ ਮੇਨ ਸੜਕ ਦੇ ਦੋਨੋਂ ਪਾਸੇ ਪਏ ਗੰਦਗੀ ਦੇ ਢੇਰਾਂ ਨੂੰ ਬਿਨਾਂ ਦੇਰੀ ਦੇ ਚੁੱਕਵਾਇਆ ਜਾਵੇ |