06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਨਵੀਂ ਟੈਕਸ ਪ੍ਰ੍ਰਣਾਲੀ ਬਾਰੇ ਕੀ ਕਹਿੰਦੇ ਹਨ ਕੋਟਕਪੂਰਾ ਦੇ ਵੱਖ-ਵੱਖ ਵਰਗਾਂ ਦੇ ਲੋਕ

ਅਜੀਤ ਡੈਸਕ 24-09-2025
ਛੋਟੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਲਾਭ ਮਿਲੇਗਾ : ਸ਼ਾਮ ਲਾਲ ਮੈਂਗੀ
ਛੋਟੇ ਵਪਾਰ ਅਤੇ ਕਾਰੋਬਾਰ ਨਾਲ ਜੁੜੇ ਵਿਅਕਤੀ ਸ਼ਾਮ ਲਾਲ ਮੈਂਗੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਟੈਕਸਾਂ ਦਾ ਬੋਝ ਕਾਫ਼ੀ ਜ਼ਿਆਦਾ ਹਲਕਾ ਕੀਤੇ ਜਾਣ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਆਮ ਵਰਤੋਂ 'ਚ ਆਉਣ ਵਾਲੀਆਂ ਕਰੀਬ 375 ਵਸਤਾਂ ਉਪਰ ਭਾਰੀ ਟੈਕਸ ਦਾ ਬੋਝ ਘਟਾਏ ਜਾਣ ਨਾਲ ਮਹਿੰਗਾਈ ਨੂੰ ਠੱਲ੍ਹ ਪਵੇਗੀ | ਇਸ ਨਾਲ ਆਮ ਵਿਅਕਤੀ ਦਾ ਜੀਵਨ ਕੁਝ ਸੁਖਾਲਾ ਹੋਵੇਗਾ | ਮਹਿੰਗਾਈ ਦਰ ਘਟਨ ਨਾਲ ਬਹੁਤ ਸਾਰੀਆਂ ਚੀਜਾਂ-ਵਸਤਾਂ ਆਮ ਵਿਅਕਤੀ ਦੀ ਆਰਥਿਕ ਪਹੁੰਚ ਵਿਚ ਆ ਜਾਣ ਕਾਰਨ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਇਸ ਦਾ ਲਾਜ਼ਮੀ ਤੌਰ 'ਤੇ ਲਾਭ ਮਿਲੇਗਾ |
ਭਾਰੀ ਟੈਕਸਾਂ ਦਾ ਬੋਝ ਘੱਟ ਹੋਵੇ : ਨਿਰਮਲ ਸਿੰਘ ਗਿੱਲ
ਪਿੰਡ ਸਿਰਸੜੀ ਦੇ ਸਾਧਾਰਨ ਕਿਸਾਨ ਨਿਰਮਲ ਸਿੰਘ ਗਿੱਲ ਨੇ ਕਿਹਾ ਕਿ ਦੇਸ਼ ਅੰਦਰ ਪਹਿਲਾਂ ਹੀ ਭਾਰੀ ਟੈਕਸਾਂ ਸਹਿਤ ਚੀਜਾਂ-ਵਸਤਾਂ ਵਿਕ ਰਹੀਆਂ ਹਨ, ਜਿਸ ਕਾਰਨ ਉਪਜੀ ਮਹਿੰਗਾਈ ਨੇ ਆਮ ਨਾਗਰਿਕਾਂ ਦਾ ਕਚੂੰਬਰ ਕੱਢ ਦਿੱਤਾ ਹੈ, ਜਿਸ 'ਤੇ ਚੱਲਦਿਆਂ ਇਕ ਸਾਧਾਰਨ ਵਿਅਕਤੀ ਨੂੰ ਆਪਣੀਆਂ ਘਰੇਲੂ ਲੋੜਾਂ ਦੀ ਪੂਰਤੀ ਕਰਨ ਲਈ ਸੌ-ਸੌ ਪਾਪੜ ਵੇਲਣੈ ਪੈ ਰਹੇ ਹਨ | ਬਾਜ਼ਾਰਾਂ ਵਿਚ ਵਿਕਣ ਵਾਲੀਆਂ ਚੀਜਾਂ 'ਚੋਂ ਕੇਵਲ ਕੁਝ ਕੁ ਉਪਰ ਟੈਕਸਾਂ ਦਾ ਬੋਝ ਮਾਮੂਲੀ ਜਿਹਾ ਘਟਾ ਦੇਣ ਨਾਲ ਆਮ ਵਿਅਕਤੀ ਨੂੰ ਕੋਈ ਬਹੁਤ ਫ਼ਾਇਦਾ ਹੁੰਦਾ ਦਿਖਾਈ ਨਹੀਂ ਦਿੰਦਾ, ਕਿਉਂਕਿ ਅਜੋਕੇ ਸਮੇਂ ਅੰਦਰ ਮਨੁੱਖ ਦੀਆਂ ਲੋੜਾਂ ਬਹੁਤ ਜ਼ਿਆਦਾ ਵਧ ਗਈਆਂ ਹਨ |
ਵਪਾਰੀ ਵਰਗ ਦਾ ਵੱਡਾ ਨੁਕਸਾਨ ਹੋਇਆ : ਓਾਮਕਾਰ ਗੋਇਲ
ਆਲ ਇੰਡੀਆ ਰਿਟੇਲਰਜ਼ ਫ਼ੈਡਰੇਸ਼ਨ ਦੇ ਕੌਮੀ ਪ੍ਰਧਾਨ ਅਤੇ ਕੋਟਕਪੂਰਾ 'ਚ ਵਪਾਰ ਨਾਲ ਜੁੜੇ ਓਾਮਕਾਰ ਗੋਇਲ ਨੇ ਕਿਹਾ ਕਿ ਕਿ ਕੇਂਦਰ ਸਰਕਾਰ ਵਲੋਂ ਇਕਦਮ ਟੈਕਸਾਂ 'ਚ ਭਾਰੀ ਕਟੌਤੀ ਕੀਤੇ ਜਾਣ ਨਾਲ ਪਹਿਲਾਂ ਤੋਂ ਆਰਥਿਕ ਮੰਦੀ ਝੱਲ ਰਹੇ ਛੋਟੇ ਵਪਾਰੀਆਂ, ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਵਪਾਰੀਆਂ ਵਲੋਂ ਮਹਿੰਗੇ ਭਾਅ 'ਤੇ ਖ਼ਰੀਦ ਕੇ ਰੱਖੀਆਂ ਗਈਆਂ ਚੀਜਾਂ ਦੇ ਇਕਦਮ ਭਾਅ ਘਟਾ ਦਿੱਤੇ ਜਾਣ ਨਾਲ ਵਪਾਰੀਆਂ ਨੂੰ ਵੱਡਾ ਆਰਥਿਕ ਘਾਟਾ ਸਹਿਣ ਕਰਨਾ ਪਵੇਗਾ | ਟੈਕਸ ਕਟੌਤੀ ਨੇ ਵਪਾਰੀਆਂ (ਕੰਪੋਜੀਸ਼ਨ ਡੀਲਰ) ਨੂੰ ਉਲਟਾ ਭਾਰੀ ਚਿੰਤਾ 'ਚ ਪਾ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵਧਾ ਦਿੱਤੀਆਂ ਹਨ | ਗੋਇਲ ਨੇ ਕੇਂਦਰ ਸਰਕਾਰ ਪਾਸੋਂ ਵਪਾਰੀਆਂ ਲਈ ਵਿਸ਼ੇਸ਼ ਰਿਆਇਟੀ/ਰਾਹਤ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਭਾਈ ਹੋ ਸਕੇ |
ਜੀ.ਐਸ.ਟੀ ਘਟਣ ਦਾ ਸਭ ਨੂੰ ਲਾਭ ਮਿਲੇਗਾ : ਦੀਪਕ ਗਰਗ
ਕੋਟਕਪੂਰਾ 'ਚ ਟਾਇਰਾਂ ਦੇ ਕਾਰੋਬਾਰ ਨਾਲ਼ ਜੁੜੇ ਦੀਪਕ ਗਰਗ ਨੇ ਕਿਹਾ ਕਿ ਜੀ.ਐਸ.ਟੀ ਦਰ ਘਟਣ ਦਾ ਦੁਕਾਨਦਾਰਾਂ, ਆਮ ਲੋਕਾਂ ਅਤੇ ਵਪਾਰੀਆਂ ਨੂੰ ਕਾਫ਼ੀ ਲਾਭ ਮਿਲੇਗਾ | ਉਨ੍ਹਾਂ ਦੱਸਿਆ ਕਿ ਟੈਕਸ ਘਟਣ ਨਾਲ ਮਾਰਕੀਟ 'ਚ ਟਾਇਰਾਂ ਦੇ ਭਾਅ ਕਾਫ਼ੀ ਜ਼ਿਆਦਾ ਘੱਟ ਗਏ ਹਨ | ਉਨ੍ਹਾਂ ਕਿਹਾ ਕਿ ਇਕ ਆਮ ਦਿਹਾੜੀਦਾਰ ਤੋਂ ਲੈ ਕੇ ਕਿਸਾਨ, ਵਪਾਰੀ, ਦੁਕਾਨਦਾਰ ਅਤੇ ਉਦਯੋਗਪਤੀਆਂ ਨੂੰ ਆਪਣੇ ਵਹੀਕਲਾਂ ਦੇ ਟਾਇਰਾਂ ਬਦਲਣੇ ਪੈਂਦੇ ਹਨ | ਸਾਰੇ ਵਰਗ ਹੀ ਦੁਪਹੀਆ ਜਾਂ ਚਾਰ ਪਹੀਆ ਵਹੀਕਲ ਵਰਤੋਂ ਵਿਚ ਲਿਆਉਂਦੇ ਹਨ ਅਤੇ ਉਨ੍ਹਾਂ ਟਾਇਰਾਂ ਦੀ ਲੋੜ ਪੈਂਦੀ ਹੈ | ਟਾਇਰਾਂ 'ਤੇ ਪ੍ਰਤੀ ਟਾਇਰ 13 ਪ੍ਰਤੀਸ਼ਤ ਤੱਕ ਦੀ ਬਚਤ ਹੋ ਰਹੀ ਹੈ | ਵੱਡੀਆਂ ਟਾਇਰ ਕੰਪਨੀਆਂ ਵਲੋਂ ਆਪਣੇ ਡੀਲਰਾਂ ਨੂੰ ਤੁਰੰਤ ਕੀਮਤਾਂ ਘਟਾਉਣ ਸਬੰਧੀ ਕਿਹਾ ਗਿਆ ਹੈ |
ਪਿਛਲੀ ਖ਼ਬਰ ਵਣ ਰੱਖਿਅਕਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ 26 ਨੂੰ ਅਗਲੀ ਖ਼ਬਰ ਗੁਰਦੁਆਰਾ ਮਾਈ ਗੋਦੜੀ ਵਿਖੇ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।