ਫ਼ਰੀਦਕੋਟ, 16 ਅਕਤੂਬਰ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨ ਭਾਰਤ ਸਰਕਾਰ ਦੇ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਦੀ ਕੇਂਦਰੀ ਨਿਗਰਾਨੀ ਅਤੇ ਸੁਪਰਵੀਜ਼ਨ ਟੀਮ ਨੇ ਫ਼ਰੀਦਕੋਟ ਦਾ ਦੌਰਾ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਨੇ ਦੱਸਿਆ ਕਿ ਇਹ ਦੌਰਾ ਪੰਜਾਬ 'ਚ ਹੈਪੇਟਾਈਟਸ (ਕਾਲਾ ਪੀਲੀਆ) ਦੇ ਇਲਾਜ ਅਤੇ ਰੋਕਥਾਮ ਪ੍ਰੋਗਰਾਮ ਦੀ ਕਾਰਗੁਜ਼ਾਰੀ ਦਾ ਡੂੰਘਾਈ ਨਾਲ ਜਾਇਜ਼ਾ ਲੈਣ ਲਈ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਸੀ ਦੀ ਪੰਜਾਬ 'ਚ ਵਧੇਰੇ ਸੇਰੋ-ਪ੍ਰੀਵੈਲੈਂਸ ਨੂੰ ਧਿਆਨ ਵਿਚ ਰੱਖਦੇ ਹੋਏ, ਕੇਂਦਰੀ ਟੀਮ ਵਲੋਂ ਪ੍ਰੋਗਰਾਮ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਗਈ, ਜਿਸ ਦਾ ਮੁੱਖ ਮੰਤਵ ਫ਼ੀਲਡ-ਪੱਧਰ 'ਤੇ ਪ੍ਰਭਾਵਸ਼ਾਲੀ ਸੇਵਾਵਾਂ ਨੂੰ ਯਕੀਨੀ ਬਣਾਉਣਾ ਅਤੇ ਪ੍ਰੋਗਰਾਮ ਦੀਆਂ ਮੁੱਖ ਪ੍ਰਾਪਤੀਆਂ ਦੀ ਸਮੀਖਿਆ ਕਰਨਾ ਸੀ | ਕੇਂਦਰੀ ਟੀਮ 'ਚ ਡਾ. ਰੁਤੂਜਾ ਕੋਹਲੇ ਸੀਨੀਅਰ ਕੰਸਲਟੈਂਟ ਅਤੇ ਡਾ. ਦਰਕਸ਼ਨ ਸਾਈਆਦਿਆਨ ਕੰਸਲਟੈਂਟ ਸ਼ਾਮਿਲ ਸਨ, ਨੇ ਜ਼ਿਲ੍ਹਾ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਦੀਪਤੀ ਅਰੋੜਾ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਵੇਕ ਰਿਜੋਰਾ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾ. ਪਰਮਜੀਤ ਸਿੰਘ ਬਰਾੜ, ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਹੁਸਨਪਾਲ ਸਿੰਘ ਸਿੱਧੂ, ਡਿਪਟੀ ਮਾਸ ਮੀਡੀਆ ਅਫ਼ਸਰ ਲਖਵਿੰਦਰ ਕੈਂਥ, ਸੁਧੀਰ ਧੀਰ ਅਤੇ ਹੋਰ ਸਬੰਧਿਤ ਜ਼ਿਲ੍ਹਾ ਅਧਿਕਾਰੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਕੇਂਦਰੀ ਟੀਮ ਵਲੋਂ ਸਿਵਲ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦਾ ਦੌਰਾ ਕਰਨ ਉਪਰੰਤ ਹੈਪੇਟਾਈਟਸ ਸਬੰਧੀ ਇਲਾਜ ਪ੍ਰਕਿਰਿਆਵਾਂ ਦੀ ਸਮੀਖਿਆ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਹੈਪੇਟਾਈਟਸ ਦੇ ਇਲਾਜ ਅਤੇ ਜਾਂਚ ਨਾਲ ਜੁੜੇ ਵੱਖ-ਵੱਖ ਵਿਭਾਗਾਂ ਦਾ ਦੌਰਾ ਵੀ ਕੀਤਾ | ਇਸ ਦੌਰਾਨ ਇਲਾਜ ਕੇਂਦਰਾਂ ਵਿਚ ਮਰੀਜ਼ਾਂ ਦੀ ਰਜਿਸਟਰੇਸ਼ਨ, ਮੁਫ਼ਤ ਦਵਾਈਆਂ ਦੀ ਉਪਲਬਧਤਾ, ਜਾਂਚ ਸਹੂਲਤਾਂ ਜਿਵੇਂ ਕਿ ਵਾਇਰਲ ਲੋਡ ਟੈਸਟ ਅਤੇ ਸਟਾਫ ਦੀ ਕਪੈਸਟੀ ਬਿਲਡਿੰਗ ਦੀ ਸਥਿਤੀ ਦਾ ਮੁਲਾਂਕਣ ਕੀਤਾ ਗਿਆ | ਉਨ੍ਹਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਡਾ. ਸੁਮਿਤ ਚਾਵਲਾ ਐਸੋਸੀਏਟ ਪ੍ਰੋਫੈਸਰ ਮੈਡੀਸਨ, ਡਾ. ਏਕਮ ਬੱਚਿਆਂ ਦੇ ਮਾਹਿਰ ਅਤੇ ਡਾ. ਹਰਿੰਦਰ ਕੌਰ ਮੈਡੀਕਲ ਅਫਸਰ ਏਆਰਟੀ ਸੈਂਟਰ ਅਤੇ ਹੋਰ ਅਧਿਕਾਰੀਆਂ ਨਾਲ ਵੀ ਵਿਸ਼ੇਸ਼ ਮੁਲਾਕਾਤ ਕੀਤੀ | ਜ਼ਿਲ੍ਹਾ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਦੀਪਤੀ ਅਰੋੜਾ ਨੇ ਦੱਸਿਆ ਕਿ ਉਕਤ ਟੀਮ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਹੈਪੇਟਾਈਟਸ ਡਾਟਾ ਦੀ ਵਿਸਤਿ੍ਤ ਸਮੀਖਿਆ ਕੀਤੀ | ਜ਼ਿਲ੍ਹੇ 'ਚ ਹੈਪੇਟਾਈਟਸ ਸੀ ਅਤੇ ਬੀ ਦੇ ਮਰੀਜ਼ਾਂ ਦੀ ਜਲਦੀ ਪਛਾਣ ਅਤੇ ਉਨ੍ਹਾਂ ਨੂੰ ਮੁਫ਼ਤ ਇਲਾਜ ਪ੍ਰਦਾਨ ਕਰਨ 'ਚ ਪ੍ਰੋਗਰਾਮ ਦੀ ਪ੍ਰਗਤੀ ਨੂੰ ਤਸੱਲੀਬਖਸ਼ ਪਾਇਆ ਗਿਆ, ਪਰ ਨਾਲ ਹੀ ਸੂਬੇ ਦੀ ਅÏਸਤ ਨਾਲੋਂ ਉੱਚੇ ਸੇਰੋ-ਪ੍ਰੀਵੈਲੈਂਸ ਦੇ ਮੱਦੇਨਜ਼ਰ ਨਿਗਰਾਨੀ ਨੂੰ ਹੋਰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ |