ਜੈਤੋ, 16 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਤਿਉਹਾਰਾਂ ਦੇ ਮੌਸਮ ਦੌਰਾਨ ਸ਼ਹਿਰ ਵਿਚ ਅਮਨ-ਕਾਨੂੰਨ ਕਾਇਮ ਰੱਖਣ ਅਤੇ ਅਣਚਾਹੀ ਘਟਨਾ ਤੋਂ ਬਚਾਅ ਲਈ ਜੈਤੋ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਡੀ.ਐਸ.ਪੀ. ਜੈਤੋ ਇਕਬਾਲ ਸਿੰਘ ਸੰਧੂ ਦੀ ਅਗਵਾਈ ਹੇਠ ਸ਼ਹਿਰ ਵਿਚ ਫ਼ਲੈਗ ਮਾਰਚ ਕੀਤਾ ਗਿਆ | ਫ਼ਲੈਗ ਮਾਰਚ ਡੀ.ਐਸ.ਪੀ. ਦਫ਼ਤਰ ਜੈਤੋ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਗੋਲ ਚੌਕ, ਚੈਨਾ ਬਾਜ਼ਾਰ, ਬੱਸ ਅੱਡਾ ਅਤੇ ਰਾਮਲੀਲ੍ਹਾ ਗਰਾਊਾਡ 'ਚੋਂ ਹੋ ਕੇ ਗੁਜ਼ਰਿਆ | ਡੀ.ਐਸ.ਪੀ. ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਤਿਉਹਾਰਾਂ ਦੇ ਮੌਕੇ 'ਤੇ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਜਾਂ ਅਮਨ-ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਸੰਵੇਦਨਸ਼ੀਲ ਇਲਾਕਿਆਂ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ ਅਤੇ ਸੀ.ਸੀ.ਟੀ.ਵੀ. ਨਿਗਰਾਨੀ ਵੀ ਵਧਾਈ ਗਈ ਹੈ | ਫ਼ਲੈਗ ਮਾਰਚ ਦੌਰਾਨ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਥਾਣਾ ਮੁਖੀ ਬਾਜਾਖਾਨਾ, ਸਬ ਡਵੀਜ਼ਨਲ ਐਸ.ਐਚ.ਓ. ਸਿਕੰਦਰ ਸਿੰਘ, ਏ. ਐਸ. ਆਈ. ਨਵਨੀਤ ਸਿੰਘ, ਐਸ. ਆਈ. ਰੁਪਿੰਦਰ ਸਿੰਘ, ਐਸ. ਆਈ. ਰਵੀ ਕਾਂਤ, ਹਰਵਿੰਦਰ ਸਿੰਘ ਰੀਡਰ ਡੀ. ਐਸ. ਪੀ. ਦਫ਼ਤਰ ਜੈਤੋ, ਹੌਲਦਾਰ ਲਵਪ੍ਰੀਤ ਸ਼ਰਮਾ, ਹੌਲਦਾਰ ਦਲਜੀਤ ਸਿੰਘ, ਹੌਲਦਾਰ ਗਦਾਵਰ ਸਿੰਘ ਤੋਂ ਇਲਾਵਾ ਜਹਾਨ ਖਿਲਾ ਟ੍ਰੇਨਿੰਗ ਕੇਂਦਰ ਤੋਂ ਵੱਡੀ ਗਿਣਤੀ ਪੁਲਿਸ ਜਵਾਨ ਸ਼ਾਮਿਲ ਸਨ | ਅੰਤ 'ਚ ਡੀ.ਐਸ.ਪੀ. ਸੰਧੂ ਨੇ ਆਖਿਰ ਵਿਚ ਕਿਹਾ ਕਿ ਜੈਤੋ ਪੁਲਿਸ ਹਮੇਸ਼ਾ ਜਨਤਾ ਦੀ ਸੇਵਾ ਅਤੇ ਸੁਰੱਖਿਆ ਲਈ ਤਿਆਰ ਹੈ ਅਤੇ ਸ਼ਾਂਤੀ ਬਣਾਈ ਰੱਖਣ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ |