• ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਫ਼ਰੀਦਕੋਟ, 17 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵਲੋਂ ਆਪਣੇ ਪਿੰਡ ਸੰਧਵਾਂ ਵਿਖੇ ਲੋਕ ਮਿਲਣੀ ਪ੍ਰੋਗਰਾਮ ਕੀਤਾ ਗਿਆ | ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸੁਣੀਆਂ ਅਤੇ ਤੁਰੰਤ ਹੱਲ ਲਈ ਸੰਬੰਧਿਤ ਅਧਿਕਾਰੀਆਂ ਨੂੰ ਹੁਕਮ ਦਿੱਤੇ | ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਸੰਪੂਰਨ ਵਿਕਾਸ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ | ਸਰਕਾਰ ਦਾ ਉਦੇਸ਼ ਹਰ ਘਰ ਤੱਕ ਪਾਣੀ, ਸੜਕਾਂ, ਬਿਜਲੀ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ | ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਅਤੇ ਖੇਡਾਂ ਵਿਚ ਅੱਗੇ ਵਧਣ ਲਈ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ | ਉਨ੍ਹਾਂ ਅਧਿਕਾਰੀਆਂ ਤੋਂ ਜ਼ਿਲ੍ਹੇ ਅੰਦਰ ਝੋਨੇ ਦੀ ਖ਼ਰੀਦ, ਅਦਾਇਗੀ, ਲਿਫਟਿੰਗ ਆਦਿ ਦੀ ਰਿਪੋਰਟ ਲਈ ਤੇ ਆਦੇਸ਼ ਦਿੱਤੇ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਖ਼ਰੀਦ ਆਦਿ ਸਮੇਤ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਸੂਝਬੂਝ ਨਾਲ ਪਰਾਲੀ ਪ੍ਰਬੰਧਨ ਅਪਣਾਉਣ, ਤਾਂ ਜੋ ਵਾਤਾਵਰਣ ਦੀ ਰੱਖਿਆ ਹੋ ਸਕੇ |
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵਲੋਂ ਲੋਕ ਮਿਲਣੀ ਪ੍ਰੋਗਰਾਮ
ਅਜੀਤ ਡੈਸਕ
18-10-2025