ਕੋਟਕਪੂਰਾ, 17 ਅਕਤੂਬਰ (ਮੋਹਰ ਸਿੰਘ ਗਿੱਲ)-ਸਥਾਨਕ ਮੁਕਤਸਰ ਰੋਡ ਵਾਲੇ ਰੇਲਵੇ ਓਵਰਬਿ੍ਜ 'ਤੇ ਇਕ ਬੱਸ ਅਤੇ ਸਕੂਟਰੀ ਵਿਚਕਾਰ ਵਾਪਰੇ ਸੜਕ ਹਾਦਸੇ ਦੌਰਾਨ ਸਕੂਟਰੀ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਵਾੜਾਦਰਾਕਾ ਦਾ ਰਹਿਣ ਵਾਲਾ ਨੌਜਵਾਨ ਕਿ੍ਸ਼ਦੀਪ ਸਿੰਘ (19) ਜੋ ਕਿ ਸ਼ਹਿਰ ਵਿਚ ਸਿਲਾਈ ਦਾ ਕੰਮ ਕਰਦਾ ਹੈ, ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਰੇਲਵੇ ਪੁਲ 'ਤੇ ਆ ਰਿਹਾ ਸੀ ਕਿ ਇਕ ਨਿੱਜੀ ਕੰਪਨੀ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਸਿਰ ਬੱਸ ਦੇ ਟਾਇਰ ਹੇਠ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਸੂਚਨਾ ਮਿਲਦਿਆਂ ਹੀ ਪੁਲਿਸ ਸਟੇਸ਼ਨ ਥਾਣਾ ਸ਼ਹਿਰੀ ਕੋਟਕਪੂਰਾ ਦੇ ਏ.ਐਸ.ਆਈ. ਬਲਕਾਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਮਿ੍ਤਕ ਨੌਜਵਾਨ ਦੇ ਵਾਰਸਾਂ ਦੇ ਬਿਆਨ ਦੇ ਆਧਾਰ 'ਤੇ ਬਣਦੀ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |