ਫ਼ਤਿਹਗੜ੍ਹ ਪੰਜਤੂਰ, 17 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)-ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ (ਮੋਗਾ) ਵਿਖੇ ਪਿ੍ੰਸੀਪਲ ਅਮਰਦੀਪ ਸਿੰਘ ਦੀ ਅਗਵਾਈ ਹੇਠ ਵਿਸ਼ਵ ਭੋਜਨ ਦਿਵਸ ਮਨਾਇਆ ਗਿਆ | ਇਸ ਸਮੇਂ ਸਵੇਰ ਦੀ ਸਪੈਸ਼ਲ ਪ੍ਰਾਰਥਨਾ ਸਭਾ ਕਰਵਾਈ ਗਈ | ਜਿਸ 'ਚ ਵਿਦਿਆਰਥੀਆਂ ਵਲੋਂ ਵਿਸ਼ਵ ਭੋਜਨ ਦਿਵਸ ਨਾਲ ਸੰਬੰਧਿਤ ਚਾਰਟ ਤੇ ਆਰਟੀਕਲ ਪੇਸ਼ ਕੀਤੇ ਗਏ | ਵਿਦਿਆਰਥੀਆਂ ਨੇ ਦੱਸਦੇ ਹੋਏ ਕਿਹਾ ਕਿ ਹਰ ਸਾਲ 16 ਅਕਤੂਬਰ ਨੂੰ ਵਿਸ਼ਵ ਭੋਜਨ ਦਿਵਸ ਮਨਾਇਆ ਜਾਂਦਾ ਹੈ | ਇਹ ਦਿਨ ਪੋਸ਼ਣ ਨਾਲ ਭਰਪੂਰ ਭੋਜਨ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਅਤੇ ਕੁ ਪੋਸ਼ਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੇ ਮੈਂਬਰਾਂ ਨੇ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ | ਦੱਸ ਦਈਏ ਕਿ ਆਰਗੇਨਾਈਜ਼ੇਸ਼ਨ ਦੀ 20ਵੀ ਜਨਰਲ ਕਾਨਫ਼ਰੰਸ 'ਚ ਇਸ ਦਿਨ ਦਾ ਪ੍ਰਸਤਾਵ ਰੱਖਿਆ ਗਿਆ ਸੀ | ਹਰ ਸਾਲ ਵਿਸ਼ਵ ਭੋਜਨ ਦਿਵਸ ਕਿਸੇ ਨਾ ਕਿਸੇ ਥੀਮ ਦੇ ਅਧਾਰ ਤੇ ਮਨਾਇਆ ਜਾਂਦਾ ਹੈ | ਇਸ ਸਾਲ ਦੇ ਵਿਸ਼ਵ ਭੋਜਨ ਦਿਵਸ 2025 ਦਾ ਥੀਮ ''ਬਿਹਤਰ ਭੋਜਨ ਅਤੇ ਬਿਹਤਰ ਭਵਿੱਖ ਲਈ ਹੱਥ ਮਿਲਾਓ'' ਹੈ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਰਣਜੀਤ ਕੌਰ ਸੰਧੂ ਅਤੇ ਪਿ੍ੰਸੀਪਲ ਅਮਰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਭੋਜਨ ਦੇ ਗੁਣਾਂ ਬਾਰੇ ਦੱਸਦੇ ਹੋਏ ਇਸ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣ ਲਈ ਪ੍ਰੇਰਿਆ | ਇਸ ਸਮੇਂ ਸਕੂਲ ਦਾ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ |